ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਤੌਰ ਗੀਤਕਾਰ ਅਤੇ ਗਾਇਕ ਵਿਲੱਖਣ ਪਹਿਚਾਣ ਅਤੇ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਬੀਰ ਸਿੰਘ, ਜੋ ਅਪਣਾ ਇੱਕ ਹੋਰ ਬਿਹਤਰੀਨ ਗਾਣਾ 'ਮਾਏਂ ਨੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਸੱਜਿਆ ਇਹ ਅਰਥ-ਭਰਪੂਰ ਗੀਤ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਪ੍ਰੋਵੀਡਰਜ਼ ਸਟੂਡਿਓਜ਼' ਵੱਲੋਂ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਭਾਵਪੂਰਨ ਗੀਤ ਨੂੰ ਅਵਾਜ਼ ਅਤੇ ਸ਼ਬਦ ਬੀਰ ਸਿੰਘ ਨੇ ਦਿੱਤੇ ਹਨ, ਜਦਕਿ ਇਸ ਦਾ ਦਿਲਾਂ ਨੂੰ ਟੁੰਬ ਲੈਣ ਵਾਲਾ ਸੰਗੀਤ ਰਫ਼ਤਾਰ ਸੰਧੂ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਕਈ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਪ੍ਰੋਜੈਕਟ ਸੰਯੋਜਕ ਹਰਪ੍ਰੀਤ ਸ਼ਾਹਪੁਰ ਵੱਲੋਂ ਆਹਲਾ ਸੰਗੀਤਕ ਮਾਪਦੰਡਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਖੂਬਸੂਰਤ ਗਾਣਾ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਜਨਜੋਤ ਸਿਰਘ ਵੱਲੋਂ ਕੀਤੀ ਗਈ ਹੈ, ਜੋ ਪੰਜਾਬੀ ਸਿਨੇਮਾ ਲਈ ਬਣੀਆਂ ਕਈ ਬਹੁ-ਚਰਚਿਤ ਅਤੇ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2' ਅਤੇ 'ਆਲਣਾ' ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮਿਆਰੀ ਗੀਤਕਾਰੀ ਅਤੇ ਗਾਇਕੀ ਨੂੰ ਹੁਲਾਰਾ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਅਤੇ ਗੀਤਕਾਰ ਬੀਰ ਸਿੰਘ, ਜੋ 'ਰਿਦਮ ਬੁਆਏਜ਼ ਐਂਟਰਟੇਨਮੈਂਟ', 'ਪਰਪਲ ਪੇਬਲ ਪ੍ਰੋਡਕਸ਼ਨ', 'ਟੀ-ਸੀਰੀਜ਼' ਅਤੇ 'ਪੀਟੀਸੀ ਪੰਜਾਬੀ ਨੈੱਟਵਰਕ' ਵਰਗੇ ਕਈ ਮਸ਼ਹੂਰ ਪ੍ਰੋਡੋਕਸ਼ਨ ਹਾਊਸਜ਼ ਨਾਲ ਗੀਤਕਾਰ ਅਤੇ ਗਾਇਕ ਦੇ ਤੌਰ ਉਤੇ ਕੰਮ ਕਰਦੇ ਆ ਰਹੇ ਹਨ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਉਮਦਾ ਗਾਣਿਆਂ ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਰਹੇ ਗਾਇਕ ਬੀਰ ਸਿੰਘ ਵੱਲੋਂ ਉਕਤ ਗਾਣਾ ਵਿਦੇਸ਼ ਗਏ ਪੁੱਤ ਦੇ ਆਪਣੀ ਮਾਂ ਪ੍ਰਤੀ ਜੁੜੇ ਭਾਵਨਾਤਮਕਤ ਜਜ਼ਬਾਤਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ।
ਇਹ ਵੀ ਪੜ੍ਹੋ: