ਚੰਡੀਗੜ੍ਹ: ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਤੇਜੀ ਨਾਲ ਨਵੀਂ ਸੁੰਦਰੀ ਵਜੋਂ ਉਭਰ ਰਹੀ ਹੈ ਅਦਾਕਾਰਾ ਅਲੰਕ੍ਰਿਤਾ ਸਹਾਏ, ਜੋ ਕਈ ਅਹਿਮ ਫਿਲਮ ਅਤੇ ਓਟੀਟੀ ਪ੍ਰੋਜੈਕਟਸ ਦਾ ਹਿੱਸਾ ਬਣਨ ਜਾ ਰਹੀ ਹੈ।
ਬਾਲੀਵੁੱਡ 'ਚ ਪੜਾਅ-ਦਰ-ਪੜਾਅ ਹੋਰ ਉੱਚ ਬੁਲੰਦੀਆਂ ਦਾ ਸਫ਼ਰ ਤੈਅ ਕਰਨ ਵੱਲ ਵੱਧ ਰਹੀ ਇੱਕ ਬਿਹਤਰੀਨ ਅਦਾਕਾਰਾ ਇੱਕ ਅਜਿਹਾ ਦ੍ਰਿੜ ਇਰਾਦਾ ਵੀ ਮਨ ਅੰਦਰ ਰੱਖਦੀ ਹੈ, ਜੋ ਮਿੱਥੇ ਨਿਸ਼ਾਨੇ ਤੋਂ ਵੀ ਅਪਣੇ ਆਪ ਨੂੰ ਅੱਗੇ ਲਿਜਾਣ ਅਤੇ ਨਿਯਮਤ ਸੀਮਾਵਾਂ ਤੋਂ ਬਾਹਰ ਜਾਣ ਤੋਂ ਕਦੇ ਨਹੀਂ ਝਿਜਕਦੀ। ਇਸੇ ਮੰਤਵ ਨੂੰ ਯਕੀਨੀ ਤੌਰ ਬਣਾਉਣ ਲਈ ਉਸ ਵੱਲੋਂ ਪੇਸ਼ੇਵਰ ਤੌਰ 'ਤੇ ਹੈਰਾਨੀਜਨਕ ਕੋਸ਼ਿਸ਼ਾਂ ਨੂੰ ਲਗਾਤਾਰ ਗਲੈਮਰ ਦੀ ਦੁਨੀਆਂ ਵਿੱਚ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਜੀਓ ਸਿਨੇਮਾ 'ਤੇ ਆਨ ਸਟਰੀਮ ਸੀਰੀਜ਼ 'ਫੂਹ ਸੇ ਫੈਨਟਸੀ' ਵਿੱਚ ਵੀ ਉਸਦੀ ਮੌਜੂਦਗੀ ਸ਼ਾਨਦਾਰ ਅਸਰ ਵਿਖਾਉਣ ਵਿੱਚ ਕਾਮਯਾਬ ਰਹੀ ਹੈ, ਜਿੰਨਾਂ ਦੀ ਇਸ ਸੀਰੀਜ਼ ਵਿੱਚ ਨਿਭਾਈ ਪ੍ਰਭਾਵੀ ਅਤੇ ਦਿਲਚਸਪ ਭੂਮਿਕਾ ਨੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਦੀਆਂ ਉਨਾਂ ਪ੍ਰਤੀ ਉਮੀਦਾਂ ਨੂੰ ਹੋਰ ਵੀ ਵਧਾ ਦਿੱਤਾ ਹੈ, ਜਿੰਨਾਂ ਦੀ ਹਰ ਕਸਵੱਟੀ 'ਤੇ ਪੂਰਨ ਖਰਾ ਉਤਰਨ ਲਈ ਹਰ ਤਰੱਦਦ ਕਰਨ ਲਈ ਤਿਆਰ ਹੈ ਇਹ ਖੂਬਸੂਰਤ ਅਦਾਕਾਰਾ।
ਵਰ੍ਹੇ 2024 ਦੇ ਅਗਲੇ ਪੜਾਅ ਦੌਰਾਨ ਸ਼ੂਰੂ ਹੋਣ ਜਾ ਰਹੇ ਅਪਣੇ ਅਗਲੇ ਪ੍ਰੋਜੈਕਟਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਇਸ ਦਿਲਕਸ਼ ਅਦਾਕਾਰਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਸ਼ੰਸਕਾਂ ਦੇ ਹੁਣ ਤੱਕ ਮਿਲੇ ਪਿਆਰ ਲਈ ਮੈਂ ਉਨਾਂ ਸਾਰਿਆਂ ਚਾਹੁੰਣ ਵਾਲਿਆ ਦੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਜਿੰਨਾਂ ਵੱਲੋਂ ਦਿੱਤੇ ਜਾ ਰਹੇ ਹੌਂਸਲੇ ਦੀ ਬਦੌਲਤ ਹੀ ਮੁੰਬਈ ਨਗਰੀ ਵਿੱਚ ਅਪਣੇ ਸੁਫਨਿਆਂ ਨੂੰ ਸਫਲਤਾ-ਪੂਰਵਕ ਪੂਰਾ ਕਰ ਪਾਉਣ ਵਿੱਚ ਸਫਲ ਹੋ ਪਾ ਰਹੀ ਹਾਂ।
ਇਸ ਉਪਰੰਤ ਜੇਕਰ ਆਗਾਮੀ ਪ੍ਰੋਜੈਕਟਸ ਦੀ ਗੱਲ ਕਰਾਂ ਤਾਂ ਇੰਨਾਂ ਵਿੱਚ ਫਿਲਮਾਂ, ਵੈੱਬ ਸੋਅਜ਼ ਦੇ ਨਾਲ ਮਿਊਜ਼ਿਕ ਵੀਡੀਓਜ਼ ਵੀ ਸ਼ੁਮਾਰ ਹਨ, ਹਾਲਾਂਕਿ ਇੰਨਾਂ ਦਾ ਵੇਰਵਾ ਅਜੇ ਰਿਵੀਲ ਨਹੀਂ ਕਰ ਸਕਦੀ ਪਰ ਇਕ ਗੱਲ ਦਾਅਵੇ ਅਤੇ ਵਿਸ਼ਵਾਸ਼ ਨਾਲ ਕਹਿ ਸਕਦੀ ਹਾਂ ਕਿ ਇੰਨਾਂ ਸਾਰੇ ਪ੍ਰੋਜੈਕਟਸ ਵਿੱਚ ਚੁਣੌਤੀਪੂਰਨ ਅਤੇ ਵੱਖੋ-ਵੱਖਰੀਆਂ ਭੂਮਿਕਾਵਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵਾਂਗੀ, ਜਿੰਨਾਂ ਵਿੱਚੋਂ ਕੁਝ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਬਾਕੀ ਜਲਦ ਸ਼ੂਟ ਪੜਾਅ ਦਾ ਹਿੱਸਾ ਬਣਨਗੀਆਂ।
ਮੂਲ ਰੂਪ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਸੰਬੰਧਤ ਅਤੇ ਗਾਰਗੀ ਕਾਲਜ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸਾਊਥਰੇਨ ਕੈਲੀਫੋਰਨੀਆ ਤੋਂ ਉੱਚ ਪੜਾਈ ਕਰਨ ਵਾਲੀ ਇਹ ਬਾਕਮਾਲ ਅਦਾਕਾਰਾ ਕਈ ਬਿਊਟੀ ਪੈਜੇਟਸ ਵਿੱਚ ਵੀ ਆਪਣੀ ਪ੍ਰਭਾਵਸ਼ਾਲੀ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ, ਜਿਸ ਵੱਲੋਂ ਹੁਣ ਤੱਕ ਕੀਤੀਆਂ ਹਿੰਦੀ ਫਿਲਮਾਂ ਵਿੱਚ ਮਸ਼ਹੂਰ ਫਿਲਮਕਾਰ ਵਿਪੁਲ ਸ਼ਾਹ ਦੀ ਸੁਪਰ ਡੁਪਰ ਹਿੱਟ ਫਿਲਮ 'ਨਮਸਤੇ ਲੰਦਨ' ਤੋਂ ਇਲਾਵਾ 'ਲਵ ਪਰ ਸਕੇਅਰ ਫੁੱਟ' ਸ਼ਾਮਿਲ ਰਹੀਆਂ ਹਨ।