ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ 'ਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਅਦਾਕਾਰ ਤਾਰਾਪਾਲ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨਾਲ ਇੰਨੀਂ ਦਿਨੀਂ ਮੁੜ ਚਰਚਾ ਵਿੱਚ ਹਨ, ਜੋ ਇਸ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
'ਮੋਸ਼ਨ ਫਿਲਮਜ਼' ਅਤੇ 'ਡੇਸਟੀਨੋ ਦੁਆਰਾ ਫਿਲਮਜ਼' ਦੁਆਰਾ ਬਣਾਈ ਅਤੇ 'ਪ੍ਰਾਈਮ ਰਿਕਾਰਡਜ਼' ਦੀ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਮੁੰਡਾ ਸਾਊਥਾਲ' ਜਿਹੀ ਬਿਹਤਰੀਨ ਪੰਜਾਬੀ ਫਿਲਮ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਨਾਲ ਸੰਬੰਧਤ ਹਨ ਅਦਾਕਾਰ ਤਾਰਪਾਲ, ਜਿੰਨ੍ਹਾਂ ਆਪਣੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ, ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਤੋਂ ਅੰਡਰ ਗ੍ਰੈਜੂਏਟ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਪੂਰੀ ਕੀਤੀ।
ਥੀਏਟਰ ਜਗਤ ਤੋਂ ਅਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਅਦਾਕਾਰ ਕਲਾ ਅਤੇ ਗਾਇਨ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਹਨ, ਜਿੰਨ੍ਹਾਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਸੋਨ ਤਗਮਾ ਹਾਸਲ ਕਰ ਲੈਣ ਦਾ ਮਾਣ ਵੀ ਅਪਣੀ ਝੋਲੀ ਪਾਇਆ ਹੈ।
ਸ਼ੋਸ਼ਲ ਮੀਡੀਆ ਪਲੇਟਫਾਰਮ ਉੱਪਰ ਸਟਾਰ ਰੁਤਬਾ ਹਾਸਿਲ ਕਰ ਲੈਣ ਵਾਲੇ ਇਸ ਪ੍ਰਤਿਭਾਵਾਨ ਨੌਜਵਾਨ ਨੇ ਅਪਣੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ, ਜਿਸ ਦੌਰਾਨ ਉਨ੍ਹਾਂ ਮਨਪ੍ਰੀਤ ਸਿੰਘ, ਹਰਭਜਨ ਮਾਨ, ਜੌਰਡਨ ਸਿੱਧੂ ਅਤੇ ਗੁਲਾਬ ਸਿੱਧੂ ਜਿਹੇ ਕਈ ਨਾਮਵਰ ਗਾਇਕਾਂ ਦੇ ਸੰਗੀਤਕ ਵੀਡੀਓ ਨੂੰ ਬਤੌਰ ਮਾਡਲ-ਅਦਾਕਾਰ ਚਾਰ-ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਸਿੱਧੂ ਮੂਸੇਵਾਲਾ ਦੇ ਗੀਤ 'ਟਿੱਬੀਆਂ ਦਾ ਪੁੱਤ' ਅਤੇ 'ਡਾਕਟਰ' ਦਾ ਵੀ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਹੇ ਇਹ ਆਹਲਾ ਅਦਾਕਾਰ ਪੰਜਾਬੀ ਫਿਲਮ 'ਵਾਈਟ ਪੰਜਾਬ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ, ਜੋ ਵਰਤਮਾਨ ਵਿੱਚ ਆਪਣੀ ਆਉਣ ਵਾਲੀ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਉਨ੍ਹਾਂ ਕਾਫ਼ੀ ਚੁਣੌਤੀਪੂਰਨ ਰੋਲ ਵਿੱਚ ਹਨ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਬੇਹੱਦ ਯਾਦਗਾਰੀ ਤਜ਼ਰਬਾ ਰਿਹਾ ਹੈ।