ਚੰਡੀਗੜ੍ਹ: ਬਾਲੀਵੁੱਡ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਮਜ਼ਬੂਤ ਪੈੜਾਂ ਸਿਰਜਣ ਅਤੇ ਵਿਲੱਖਣ ਪਹਿਚਾਣ ਸਥਾਪਤੀ ਲਈ ਤਰੱਦਦਸ਼ੀਲ ਨਜ਼ਰ ਆ ਰਹੇ ਹਨ ਅਦਾਕਾਰ ਆਯੂਸ਼ ਸ਼ਰਮਾ, ਜੋ ਅਪਣੀਆਂ ਹਾਲੀਆ ਕੁਝ ਫਿਲਮਾਂ ਦੀ ਅਸਫ਼ਲਤਾ ਤੋਂ ਉਭਰ ਮੁੜ ਇੱਕ ਵਾਰ ਫਿਰ ਨਵੇਂ ਸ਼ਾਨਦਾਰ ਅਧਿਆਏ ਵੱਲ ਕਦਮ ਵਧਾਉਣ ਜਾ ਰਹੇ ਹਨ, ਜਿੰਨਾਂ ਦੀ ਨਵੀਂ ਫਿਲਮ 'ਰੁਸਲਾਨ' ਰਿਲੀਜ਼ ਲਈ ਤਿਆਰ ਹੈ, ਜਿਸ ਵਿੱਚ ਖਤਰਨਾਕ ਐਕਸ਼ਨ ਅਤੇ ਲੀਡ ਰੋਲ ਅਦਾ ਕਰਦੇ ਨਜ਼ਰੀ ਪੈਣਗੇ ਇਹ ਸ਼ਾਨਦਾਰ ਅਦਾਕਾਰ।
ਸਾਲ 2018 ਵਿੱਚ ਆਈ ਅਤੇ ਸਲਮਾਨ ਖਾਨ ਪ੍ਰੋਡੋਕਸ਼ਨ ਅਧੀਨ ਬਣਾਈ ਗਈ ਬਹੁ-ਚਰਚਿਤ ਹਿੰਦੀ ਫਿਲਮ 'ਲਵ ਯਾਤਰੀ' ਨਾਲ ਬਾਲੀਵੁੱਡ ਦਾ ਪ੍ਰਭਾਵੀ ਹਿੱਸਾ ਬਣੇ ਇਹ ਬਿਹਤਰੀਨ ਐਕਟਰ ਅਪਣੀ ਉਕਤ ਨਵੀਂ ਫਿਲਮ ਅਤੇ ਇਸ ਵਿਚਲੇ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ, ਜਿੰਨਾਂ ਅਨੁਸਾਰ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਇਹ ਫਿਲਮ ਮੇਰੇ ਲਈ ਕਈ ਮਾਅਨਿਓ ਬਹੁਤ ਖਾਸ ਮਹੱਤਵ ਰੱਖਦੀ ਹੈ, ਜਿਸ ਵਿੱਚੋ ਸਭ ਤੋਂ ਅਹਿਮ ਪੱਖ ਇਹ ਵੀ ਹੈ ਕਿ ਇਸ ਫਿਲਮ ਦੀ ਸ਼ੈਲੀ ਕਹਾਣੀਸਾਰ ਪੱਖੋਂ ਮੇਰੇ ਲਈ ਹੀ ਬਲਕਿ ਦਰਸ਼ਕਾਂ ਲਈ ਵੀ ਬਿਲਕੁਲ ਨਵੀਂ ਹੈ, ਜਿਸ ਦੇ ਨਾਲ ਹੀ ਜਗਪਤੀ ਬਾਬੂ, ਵਿਦਿਆ ਮਾਲਵੜੇ ਜਿਹੇ ਨਾਮਵਰ ਐਕਟਰਜ਼ ਨਾਲ ਕੰਮ ਕਰਨਾ ਵੀ ਬੇਹੱਦ ਯਾਦਗਾਰੀ ਅਤੇ ਚੁਣੌਤੀ ਭਰਿਆ ਰਿਹਾ ਹੈ।
ਉਮੀਦ ਕਰਦਾ ਹਾਂ ਕਿ ਬਹੁਤ ਹੀ ਵੱਖਰੀ ਦਿੱਖ ਭਰੇ ਮੇਰੇ ਇਸ ਨਵੇਂ ਅਵਤਾਰ ਨੂੰ ਦੇਖਣਾ ਦਰਸ਼ਕਾਂ ਲਈ ਵੀ ਉਤਸ਼ਾਹ ਭਰਿਆ ਰਹੇਗਾ, ਜਿੰਨਾਂ ਦੀ ਹਰ ਕਸਵੱਟੀ 'ਤੇ ਆਪਣੇ ਵੱਲੋ ਖਰਾ ਉਤਰਨ ਦੀ ਕੋਸ਼ਿਸ਼ ਮੇਰੇ ਦੁਆਰਾ ਕੀਤੀ ਗਈ ਹੈ।
ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਸੰਬੰਧਤ ਇਸ ਬਾਕਮਾਲ ਅਦਾਕਾਰ ਦੀ ਇਹ ਤ੍ਰਾਸਦੀ ਰਹੀ ਹੈ ਕਿ ਬਹੁਪੱਖੀ ਕਲਾ ਦਾ ਧਾਰਨੀ ਹੋਣ ਦੇ ਬਾਵਜੂਦ ਉਸਨੂੰ ਇਕ ਉਮਦਾ ਅਦਾਕਾਰ ਦੀ ਬਜਾਏ ਸਲਮਾਨ ਖਾਨ ਦੇ ਜੀਜਾ ਅਤੇ ਅਰਪਿਤਾ ਖਾਨ ਦੇ ਪਤੀ ਵਜੋਂ ਜਿਆਦਾ ਜਾਣਿਆ ਜਾਂਦਾ ਹੈ, ਜਿੰਨਾਂ ਦੇ ਵਿਸ਼ਾਲ ਸਾਏ ਵਿੱਚੋ ਬਾਹਰ ਨਿਕਲ ਅਪਣਾ ਖੁਦ ਦਾ ਵਜ਼ੂਦ ਕਾਇਮ ਕਰਨ ਲਈ ਹਰ ਜ਼ੋਰ ਅਜ਼ਮਾਇਸ਼ ਵੀ ਅਲਹਦਾ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਦੀ ਚੋਣ ਕਰ ਕਰਦਾ ਨਜ਼ਰ ਆ ਰਿਹਾ ਹੈ ਇਹ ਵਰਸਟਾਈਲ ਐਕਟਰ, ਜਿਸ ਦੇ ਇੱਕ ਯਤਨ ਅਤੇ ਲੜੀ ਦੇ ਤੌਰ 'ਤੇ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ, ਜੋ ਕਿ ਉਸ ਦੀ ਪਹਿਲੀ ਐਸੀ ਫਿਲਮ ਹੈ, ਜਿਸ ਦਾ ਨਿਰਮਾਣ ਸਲਮਾਨ ਖਾਨ ਫਿਲਮਜ਼ ਵੱਲੋ ਨਹੀਂ, ਬਲਕਿ ਸ਼੍ਰੀ ਸਤਿਆਸਾਈ ਆਰਟਸ ਦੇ ਬੈਨਰ ਅਧੀਨ ਸਾਊਥ ਦੇ ਮਸ਼ਹੂਰ ਨਿਰਮਾਤਾ ਕੇ ਕੇ ਰਾਧਾਮੋਹਨ ਦੁਆਰਾ ਕੀਤਾ ਗਿਆ ਹੈ, ਜਿੰਨਾਂ ਦੀ ਇਸ ਮਲਟੀ-ਸਟਾਰਰ ਫਿਲਮ ਵਿੱਚ ਜਗਪਤੀ ਬਾਬੂ ਅਤੇ ਵਿਦਿਆ ਮਾਲਵੜੇ ਜਿਹੇ ਨਾਮਵਰ ਸਾਊਥ ਸਿਨੇਮਾ ਸਟਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
ਬਾਲੀਵੁੱਡ ਅਤੇ ਸਾਊਥ ਸਿਨੇਮਾ ਨਾਲ ਜੁੜੀਆਂ ਮੰਨੀਆਂ ਪ੍ਰਮੰਨੀਆਂ ਸ਼ਖ਼ਸ਼ੀਅਤਾਂ ਦੇ ਸੁਮੇਲ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਨੂੰ ਖੂਬਸੂਰਤ ਕੈਨਵਸ ਅਤੇ ਪ੍ਰਭਾਵਸ਼ਾਲੀ ਰੂਪ ਦੇਣ ਵਿੱਚ ਨਿਰਦੇਸ਼ਕ ਕਰਨ ਲਲਿਤ ਭੁਟਾਨੀ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਫਿਲਮ ਨਾਲ ਹਿੰਦੀ ਫਿਲਮ ਜਗਤ ਵਿੱਚ ਸ਼ਾਨਦਾਰ ਆਗਾਜ਼ ਵੱਲ ਵਧਣਗੇ।