ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਗੀਤ 'ਮੜਕ ਸ਼ੌਕੀਨਾਂ ਦੀ ਤੂੰ ਕੀ ਜਾਣਦੀ ਭੇਡੇ’ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਿਆ ਹੈ। ਜ਼ਿਕਰਯੋਗ ਹੈ ਕਿ 10 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ 'ਚ ਜੈਜ਼ੀ ਬੀ ਨੇ ਔਰਤ ਨੂੰ 'ਭੇਡ' ਕਹਿ ਕੇ ਸੰਬੋਧਨ ਕੀਤਾ ਹੈ, ਜਿਸ ਕਾਰਨ ਜਿੱਥੇ ਕੁਝ ਜਾਗਰੂਕ ਔਰਤਾਂ ਗਾਇਕ ਜੈਜ਼ੀ ਬੀ ਦਾ ਵਿਰੋਧ ਕਰ ਰਹੀਆਂ ਹਨ, ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਨੇ ਉਸ ਦਾ ਪੁਤਲਾ ਵੀ ਫੂਕਿਆ ਹੈ।
- " class="align-text-top noRightClick twitterSection" data="">
ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਮਸ਼ਹੂਰ ਗਾਇਕ ਜੈਜ਼ੀ ਬੀ ਨੂੰ ਆਪਣੇ ਇੱਕ ਗੀਤ ਵਿੱਚ ਔਰਤਾਂ ਨੂੰ ਭੇਡਾਂ ਕਹਿਣ ਦੇ ਇਸ ਮਾਮਲੇ ਵਿੱਚ ਤਲਬ ਕੀਤਾ ਹੈ ਅਤੇ ਉਸ ਨੂੰ ਨੋਟਿਸ ਵੀ ਜਾਰੀ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸੰਗਠਨਾਂ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਪੰਜਾਬ ਨੇ ਪੰਜਾਬੀ ਗਾਇਕ ਜੈਜ਼ੀ ਬੀ ਖਿਲਾਫ ਨੋਟਿਸ ਜਾਰੀ ਕਰਕੇ ਉਸ ਤੋਂ ਜਵਾਬ ਵੀ ਮੰਗਿਆ ਹੈ।
ਜਾਰੀ ਹੋਏ ਨੋਟਿਸ ਵਿੱਚ ਲਿਖਿਆ ਗਿਆ ਹੈ, 'ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਹੇ ਗੀਤ 'ਮੜਕ ਸ਼ੌਕੀਨਾਂ ਦੀ' ਨੂੰ ਪੰਜਾਬੀ ਗਾਇਕ ਜੈਜ਼ੀ ਬੀ ਵੱਲੋਂ ਗਾਇਆ ਗਿਆ ਅਤੇ ਜਿਸ ਦਾ ਲੇਖਕ ਜੀਤ ਕੱਦੋਂ ਵਾਲਾ ਹੈ। ਇਸ ਗੀਤ ਵਿੱਚ ਔਰਤਾਂ ਲਈ ਭੇਡੇ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਅਤੇ ਇਸ ਨਾਲ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ। ਇਸ ਸੰਬੰਧੀ ਮਾਨਯੋਗ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਜੀ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਔਰਤਾਂ ਲਈ ਕਮਿਸ਼ਨ ਐਕਟ 2001 ਦੀ ਧਾਰਾ ਤਹਿਤ ਸੋ-ਮੋਟੋ ਲੈਂਦਿਆਂ ਹੋਇਆ ਇਸ ਸੰਬੰਧੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਕਮਿਸ਼ਨ ਦੀ ਈ-ਮੇਲ ਆਈ ਡੀ ਉਤੇ ਭੇਜਣੀ ਯਕੀਨੀ ਬਣਾਈ ਜਾਵੇ।'
ਉਲੇਖਯੋਗ ਹੈ ਕਿ ਜਦੋਂ ਦਾ ਗਾਇਕ ਜੈਜ਼ੀ ਬੀ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਉਦੋਂ ਦਾ ਹੀ ਇਹ ਗੀਤ ਵਿਵਾਦਾਂ ਵਿੱਚ ਫਸਿਆ ਨਜ਼ਰ ਆ ਰਿਹਾ ਹੈ, ਗੀਤ ਨੂੰ ਲੈ ਕੇ ਵੱਖ-ਵੱਖ ਜਗ੍ਹਾਵਾਂ ਉਤੇ ਰੋਸ-ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਗਾਇਕ ਜੈਜ਼ੀ ਬੀ ਦਾ ਗੀਤ 'ਮੜਕ ਸ਼ੌਕੀਨਾਂ ਦੀ' ਇੱਕ ਭੰਗੜੇ ਵਾਲਾ ਗੀਤ ਹੈ, ਜਿਸ ਨੂੰ ਹੁਣ ਤੱਕ 3,838,644 ਵਿਊਜ਼ ਮਿਲ ਚੁੱਕੇ ਹਨ।
ਗਾਇਕ ਜੈਜ਼ੀ ਬੀ ਦਾ ਸਫਰ: ਪੰਜਾਬ ਦੇ ਜ਼ਿਲ੍ਹੇ ਨਵਾਂ ਸ਼ਹਿਰ ਨਾਲ ਸੰਬੰਧਿਤ ਗਾਇਕ ਜੈਜ਼ੀ ਬੀ ਨੇ ਆਪਣੀ ਪਹਿਲੀ ਐਲਬਮ 'ਘੁੱਗੀਆਂ ਦਾ ਜੋੜਾ' ਨਾਲ ਗਾਇਕੀ ਜਗਤ ਵਿੱਚ ਪੈਰ ਧਰਿਆ ਸੀ, ਗਾਇਕ ਪੰਜਾਬ ਦੇ ਦਿੱਗਜ ਗਾਇਕ ਕੁਲਦੀਪ ਮਾਣਕ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ, ਗਾਇਕ ਨੇ ਕੁੱਝ ਗੀਤਾਂ ਨਾਲ ਗਾਇਕ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਹੁਣ ਤੱਕ ਗਾਇਕ ਨੇ ਕਾਫੀ ਸਾਰੇ ਹਿੱਟ ਗੀਤ ਦਿੱਤੇ ਹਨ, ਜਿਸ ਵਿੱਚ 'ਰੈਂਬੋ', 'ਤੇਰਾ ਰੂਪ', 'ਮਹਾਰਾਜੇ', 'ਘੁੱਗੀਆਂ ਦਾ ਜੋੜਾ' ਵਰਗੇ ਸ਼ਾਮਿਲ ਹਨ। ਇਸ ਤੋਂ ਇਲਾਵਾ ਗਾਇਕ ਨੇ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਹੈ, ਜਿਸ ਵਿੱਚ 'ਸ਼ਹੀਦ ਊਧਮ ਸਿੰਘ', 'ਰੋਮੀਓ ਰਾਂਝਾ' ਵਰਗੀਆਂ ਫਿਲਮਾਂ ਸ਼ਾਮਿਲ ਹਨ।