ਲੁਧਿਆਣਾ: ਸ਼ਹਿਰ ਦੀ ਹੌਜ਼ਰੀ ਇੰਡਸਟਰੀ 120 ਸਾਲ ਤੋਂ ਵਧੇਰੇ ਪੁਰਾਣੀ ਹੈ। ਸਾਲ 1891 ਵਿੱਚ ਲੁਧਿਆਣਾ ਦੇ ਅੰਦਰ ਪਹਿਲਾ ਯੂਨਿਟ ਲੱਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਕਰਕੇ ਹੀ ਲੁਧਿਆਣਾ ਨੂੰ 'ਮੈਨਚੈਸਟਰ ਆਫ ਭਾਰਤ' ਕਿਹਾ ਜਾਂਦਾ ਰਿਹਾ ਹੈ ਅਤੇ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ 'ਮਦਰ ਆਫ ਇੰਡਸਟਰੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਹੁਣ ਤੱਕ ਲੁਧਿਆਣਾ ਨੇ ਇਸ ਖੇਤਰ ਵਿੱਚ ਪੂਰੇ ਦੇਸ਼ ਅੰਦਰ ਰਾਜ ਕੀਤਾ ਹੈ ਅਤੇ 95 ਫੀਸਦੀ ਲੁਧਿਆਣਾ ਤੋਂ ਬਣੇ ਹੀ ਸਵੈਟਰ ਪੂਰੇ ਭਾਰਤ ਦੇ ਵਿੱਚ ਜਾਂਦੇ ਹਨ, ਪਰ ਹੁਣ ਇਸ ਇੰਡਸਟਰੀ ਉੱਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ।
ਸਰਦੀ ਦਾ ਘਟਿਆ ਸੀਜ਼ਨ
ਸਭ ਤੋਂ ਜਿਆਦਾ ਠੰਡ ਉੱਤਰ ਭਾਰਤ ਵਿੱਚ ਹੀ ਪੈਂਦੀ ਹੈ ਅਤੇ ਉੱਤਰ ਭਾਰਤ ਵਿੱਚ ਸਭ ਤੋਂ ਜਿਆਦਾ ਹੌਜ਼ਰੀ ਦਾ ਕਾਰੋਬਾਰ ਲੁਧਿਆਣਾ ਤੋਂ ਹੁੰਦਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਇਹ ਠੰਡ ਸੁੰਗੜ ਦੀ ਜਾ ਰਹੀ ਹੈ। ਭਾਵ ਕਿ ਠੰਡ ਦਾ ਸੀਜ਼ਨ ਘੱਟਦਾ ਜਾ ਰਿਹਾ ਹੈ, ਜੋ ਸੀਜ਼ਨ ਪਹਿਲਾਂ 95 ਤੋਂ ਲੈ ਕੇ 100 ਦਿਨਾਂ ਦਾ ਹੁੰਦਾ ਸੀ ਉਹ ਮਹਿਜ਼ ਇੱਕ ਮਹੀਨੇ ਦਾ ਰਹਿ ਗਿਆ ਹੈ ਜਿਸ ਕਰਕੇ ਹੁਣ ਪਹਿਲਾਂ ਆਉਣ ਵਾਲੇ ਆਰਡਰ ਬੰਦ ਹੋ ਗਏ ਹਨ। ਪ੍ਰੀ ਆਰਡਰ ਲੈਣ ਵਾਲੀ ਇੰਡਸਟਰੀ ਅੱਜ ਪੋਸਟ ਆਰਡਰ ਭੁਗਤਾਉਣ ਲਈ ਵੀ ਦੋ ਚਾਰ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਆਰਡਰ ਬੰਦ ਹੋ ਗਏ ਹਨ। ਜੰਮੂ ਕਸ਼ਮੀਰ ਚ ਹਾਲਾਤ ਖਰਾਬ ਹੋਣ ਕਰਕੇ ਵਪਾਰੀ ਸਮਾਨ ਨਹੀਂ ਮੰਗਾ ਰਿਹਾ ਹੈ ਜਿਸ ਦਾ ਹਰਜਾਨਾ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ ਭੁਗਤਣਾ ਪੈ ਰਿਹਾ ਹੈ।
ਟੈਕਸਟਾਈਲ ਪਾਰਕ ਖੁੰਝਿਆ
ਲੁਧਿਆਣਾ ਦੀ ਹੌਜ਼ਰੀ ਅਤੇ ਨਿੱਟਵੀਅਰ ਇੰਡਸਟਰੀ ਦੇ ਪ੍ਰਧਾਨ ਵਿਨੋਦ ਥਾਪਰ ਦੇ ਨਾਲ ਸਾਡੀ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ 8 ਹਜ਼ਾਰ ਕਰੋੜ ਰੁਪਏ ਦੀ ਲਾਗਤ ਦਾ ਟੈਕਸਟਾਈਲ ਪਾਰਕ ਮੱਤੇਵਾੜਾ ਵਿੱਚ ਲਗਾਇਆ ਜਾਣਾ ਸੀ ਜਿਸ ਨਾਲ ਕੋਈ ਪ੍ਰਦੂਸ਼ਣ ਵੀ ਨਹੀਂ ਹੋਣਾ ਸੀ ਪਰ ਪਿਛਲੀ ਸਰਕਾਰ ਨੇ ਤਾਂ ਇਸ ਨੂੰ ਪਾਸ ਕਰ ਦਿੱਤਾ ਸੀ, ਪਰ ਮੌਜੂਦਾ ਸਰਕਾਰ ਨੇ ਇਸ ਨੂੰ ਵਾਪਸ ਭੇਜ ਦਿੱਤਾ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਅਜਿਹੇ 25 ਹੀ ਪ੍ਰੋਜੈਕਟ ਲੱਗਣੇ ਸਨ, ਪਰ ਇਹ ਪ੍ਰੋਜੈਕਟ ਖੁੰਝਣ ਕਰਕੇ ਲਗਭਗ 2 ਲੱਖ ਦੇ ਕਰੀਬ ਜੋ ਰੁਜ਼ਗਾਰ ਪੈਦਾ ਹੋਣਾ ਸੀ, ਉਹ ਪੰਜਾਬ ਤੋਂ ਜਾਂਦਾ ਲੱਗਿਆ ਹੈ। ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਜੋ ਪੰਜਾਬ ਕਿਸੇ ਵੇਲੇ ਤੀਜੇ ਨੰਬਰ ਉੱਤੇ ਹੁੰਦਾ ਸੀ, ਅੱਜ ਉਹ ਖਿਸਕ ਕੇ 16ਵੇਂ ਨੰਬਰ ਉੱਤੇ ਆ ਚੁੱਕਾ ਹੈ। ਅਜਿਹੇ ਵਿੱਚ ਪੰਜਾਬ ਨੂੰ ਮੁੜ ਤੋਂ ਤੀਜਾ ਨੰਬਰ ਉੱਤੇ ਲਿਆਉਣ ਲਈ ਉਹ ਪਾਰਕ ਬੇਹਦ ਅਹਿਮ ਭੂਮਿਕਾ ਅਦਾ ਕਰਦਾ। ਥਾਪਰ ਨੇ ਕਿਹਾ ਕਿ ਸੂਬੇ ਦੀ ਸਰਕਾਰ ਦੀ ਨਿਵੇਸ਼ ਨੀਤੀ ਸਮਝ ਨਹੀਂ ਆ ਰਹੀ ਹੈ। ਨਵੇਂ ਨਿਵੇਸ਼ਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜਦਕਿ ਪੁਰਾਣਿਆਂ ਦੇ ਹਾਲਾਤ ਮਾੜੇ ਹਨ।
ਬੰਗਲਾਦੇਸ਼ ਦੀ ਮਾਰ
ਕਾਂਗਰਸ ਦੀ ਮਨਮੋਹਨ ਸਰਕਾਰ ਵੇਲੇ ਐਫਟੀਏ ਭਾਰਤ ਵਿੱਚ ਆਇਆ ਸੀ ਅਤੇ ਇਹ ਪਾਲਿਸੀ ਉਸ ਵੇਲੇ ਦੇ ਰਾਜਨੀਤਿਕ ਅਤੇ ਭੂਗੋਲਿਕ ਹਾਲਾਤਾਂ ਨੂੰ ਵੇਖਦਿਆਂ ਹੋਇਆ ਲਾਗੂ ਕੀਤੀ ਗਈ ਸੀ, ਪਰ ਇੱਕ ਦਹਾਕਾ ਬੀਤ ਜਾਣ ਦੇ ਬਾਵਜੂਦ ਇਸ ਨੀਤੀ ਵਿੱਚ ਤਬਦੀਲੀ ਨਹੀਂ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਵਿਨੋਦ ਥਾਪਰ ਨੇ ਕਿਹਾ ਕਿ ਬੰਗਲਾਦੇਸ਼ ਸਾਡਾ ਗੁਆਂਢੀ ਮੁਲਕ ਹੈ ਅਤੇ ਉਥੋਂ ਵੱਡੀ ਗਿਣਤੀ ਵਿੱਚ ਹੌਜ਼ਰੀ ਪ੍ਰੋਡਕਟ ਬਣ ਕੇ ਭਾਰਤ ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੇ ਬ੍ਰੈਂਡ ਸਾਰੇ ਹੀ ਬੰਗਲਾਦੇਸ਼ ਤੋਂ ਇਹ ਸਮਾਨ ਇੰਪੋਰਟ ਕਰਾ ਰਹੇ ਹਨ, ਕਿਉਂਕਿ ਉੱਥੇ ਉਨ੍ਹਾਂ ਵਿੱਚ ਹੁਨਰ ਵੀ ਹੈ ਅਤੇ ਨਾਲ ਹੀ ਲੇਬਰ ਸਸਤੀ ਹੈ ਤੇ ਡਿਊਟੀ ਫ੍ਰੀ ਇੰਪੋਰਟ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਥੋਂ ਤੱਕ ਰਾਅ ਮਟੀਰੀਅਲ ਭਾਰਤ ਤੋਂ ਜਾਂਦਾ ਹੈ ਅਤੇ ਪੂਰਾ ਸਮਾਨ ਬਣ ਕੇ ਮੁੜ ਭਾਰਤ ਦੇ ਵਿੱਚ ਆ ਜਾਂਦਾ ਹੈ। ਚਾਈਨਾ ਵੀ ਇਸ ਵਿੱਚ ਮਦਦ ਕਰ ਰਿਹਾ ਹੈ। ਥਾਪਰ ਨੇ ਕਿਹਾ ਕਿ ਸਾਡਾ ਐਫਟੀਏ ਕਿਸੇ ਵਿਕਸਿਤ ਦੇਸ਼ ਦੇ ਨਾਲ ਹੋਣਾ ਚਾਹੀਦਾ ਹੈ ਜਿਵੇਂ ਕਿ ਅਮਰੀਕਾ ਜਾਂ ਫਿਰ ਹੋਰ ਯੂਰਪ ਦੇ ਮੁਲਕ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਸਾਡਾ ਨਿਵੇਸ਼ ਵਧੇਗਾ ਤਾਂ ਸਾਡੀ ਐਕਸਪੋਰਟ ਵਧੇਗੀ ਜਿਸ ਨਾਲ ਪੈਸਾ ਭਾਰਤ ਵਿੱਚ ਆਵੇਗਾ।