ਮੰਡੀ/ਹਿਮਾਚਲ-ਪ੍ਰਦੇਸ਼: ਦੋ ਦਿਨ ਪਹਿਲਾਂ ਹੀ ਮੰਡੀ ਜ਼ਿਲ੍ਹੇ ਵਿੱਚ ਇੰਸਪੈਕਟਰ ਨੇ ਇੱਕ ਵਿਅਕਤੀ ਦੀ ਇਮਾਨਦਾਰੀ ਲਈ ਪਿੱਠ ਥਪਥਪਾਈ ਅਤੇ ਬਾਅਦ ਵਿੱਚ ਉਹ ਖ਼ੁਦ ਹੀ ਨੌਕਰੀ ਵਿੱਚ ਬੇਈਮਾਨੀ ਕਰਦਾ ਫੜਿਆ ਗਿਆ। ਵਿਜੀਲੈਂਸ ਟੀਮ ਨੇ ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮਾਮਲਾ ਪਧਰ ਥਾਣੇ ਦਾ ਹੈ, ਇੱਥੇ ਸਾਬਕਾ ਐੱਸਐੱਚਓ ਅਸ਼ੋਕ ਕੁਮਾਰ ਨੇ ਕੁਝ ਰੁਪਏ ਲਈ ਆਪਣੀ ਇੱਜ਼ਤ ਵੇਚ ਦਿੱਤੀ ਸੀ। ਜਿਸ ਵਿੱਚ ਉਨ੍ਹਾਂ ਦਾ ਸਾਥ ਥਾਣਾ ਪਧਰ ਦੇ ਐਚ.ਐਸ.ਆਈ ਅਸ਼ਵਨੀ ਕੁਮਾਰ ਨੇ ਦਿੱਤਾ। ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਜਿੱਥੋਂ ਦੋਵਾਂ ਮੁਲਜ਼ਮਾਂ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
15 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਐੱਸਐੱਚਓ ਅਤੇ ਹੌਲਦਾਰ ਗ੍ਰਿਫ਼ਤਾਰ
ਪਧਰ ਥਾਣੇ ਦੇ ਐਸਐਚਓ ਅਤੇ ਐਚਐਸਆਈ ’ਤੇ ਲੜਾਈ ਦੇ ਮਾਮਲੇ ਨੂੰ ਸੁਲਝਾਉਣ ਦੇ ਬਦਲੇ ਪਿੰਡ ਗਵਾਲੀ ਦੇ ਵਰਿੰਦਰ ਕੁਮਾਰ ਤੋਂ 15,000 ਰੁਪਏ ਦੀ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ। ਜਿਸ ਤੋਂ ਬਾਅਦ ਵਰਿੰਦਰ ਕੁਮਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਜਿਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਐੱਸਐੱਚਓ ਅਤੇ ਹੌਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਹੁਣ ਉਨ੍ਹਾਂ ਦੇ ਸਾਰੇ ਵੇਰਵਿਆਂ ਦੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਵੇਂ ਮੁਲਜ਼ਮ ਹੋਰ ਕਿਹੜੇ-ਕਿਹੜੇ ਕੇਸਾਂ ਵਿੱਚ ਸ਼ਾਮਲ ਹਨ।
ਡੀਐਸਪੀ ਵਿਜੀਲੈਂਸ ਪ੍ਰਿਆਂਕ ਗੁਪਤਾ ਨੇ ਦੱਸਿਆ, "ਐਸਐਚਓ ਅਤੇ ਐਚਐਸਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸਾਰੀਆਂ ਕਾਰਵਾਈਆਂ ਨਿਯਮਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ।"
ਦੋ ਦਿਨ ਪਹਿਲਾਂ ਇਮਾਨਦਾਰ ਸ਼ਖ਼ਸ ਦੀ ਕੀਤੀ ਸੀ ਤਰੀਫ਼
ਰਿਸ਼ਵਤਖੋਰੀ ਤੋਂ ਦੋ ਦਿਨ ਪਹਿਲਾਂ ਅਸ਼ੋਕ ਕੁਮਾਰ ਨੇ ਬਤੌਰ ਥਾਣਾ ਇੰਚਾਰਜ ਬਰੇਤੂ ਰਾਮ ਦੀ ਪਿੱਠ ਥਪਥਪਾਈ ਸੀ ਜਿਸ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ। ਦਰਅਸਲ ਕਾਂਗੜਾ ਜ਼ਿਲ੍ਹੇ ਦੀ ਇੱਕ ਔਰਤ ਕੋਟਰੋਪੀ ਨੇੜੇ ਆਪਣਾ ਬੈਗ ਭੁੱਲ ਗਈ ਸੀ। ਜਿਸ ਵਿੱਚ ਇੱਕ ਲੱਖ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਹ ਬੈਗ ਬਰੇਤੂ ਰਾਮ ਨੂੰ ਮਿਲਿਆ ਤੇ ਬਰੇਤੂ ਰਾਮ ਨੇ ਪੁਲੀਿ ਨੂੰ ਸੌਂਪ ਦਿੱਤਾ। ਪੁਲਿਸ ਨੇ ਬੈਗ ਅੰਦਰ ਮੌਜੂਦ ਕਾਗਜ਼ਾਂ ਦੇ ਆਧਾਰ ’ਤੇ ਔਰਤ ਨੂੰ ਲੱਭ ਲਿਆ ਅਤੇ ਬੈਗ ਉਸ ਨੂੰ ਸੌਂਪ ਦਿੱਤਾ। ਇਹ ਸਾਰੀ ਕਾਰਵਾਈ ਐਸਐਚਓ ਅਸ਼ੋਕ ਕੁਮਾਰ ਦੀ ਹਾਜ਼ਰੀ ਵਿੱਚ ਹੋਈ। ਇਸ ਦੇ ਲਈ ਅਸ਼ੋਕ ਕੁਮਾਰ ਨੇ ਬਰੇਤੂ ਰਾਮ ਦੀ ਇਮਾਨਦਾਰੀ ਦੀ ਤਰੀਫ ਕੀਤੀ। ਇਸ ਘਟਨਾ ਦੇ ਦੋ ਦਿਨ ਬਾਅਦ ਹੀ ਐਸਐਚਓ ਅਸ਼ੋਕ ਕੁਮਾਰ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।