ਅਮਰਾਵਤੀ (ਮਹਾਰਸ਼ਟਰ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ ਮਹਾਰਾਸ਼ਟਰ 'ਚ ਭਾਜਪਾ ਦੇ ਬੁਲਾਰੇ ਸ਼ਿਵਰਾਏ ਕੁਲਕਰਨੀ ਨੂੰ ਫ਼ੋਨ 'ਤੇ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਲ ਸਿੱਧੇ ਇੰਗਲੈਂਡ ਤੋਂ ਆਈ ਸੀ।
ਇਮਾਰਤ ਨੂੰ ਉਡਾਉਣ ਦੀ ਧਮਕੀ: ਜਾਣਕਾਰੀ ਮੁਤਾਬਕ ਸੋਮਵਾਰ (11 ਮਾਰਚ) ਦੀ ਸਵੇਰ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਭਾਜਪਾ ਦੇ ਸੂਬਾ ਬੁਲਾਰੇ ਸ਼ਿਵਰਾਏ ਕੁਲਕਰਨੀ ਨੂੰ ਫੋਨ ਕਰਕੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਤੁਰੰਤ ਬਾਅਦ ਸ਼ਿਵਰਾਏ ਕੁਲਕਰਨੀ ਨੇ ਬਡਨੇਰਾ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਵਰਾਏ ਕੁਲਕਰਨੀ ਮੁਤਾਬਕ ਇਸ ਫੋਨ ਕਾਲ ਰਾਹੀਂ ਬੰਬੇ ਸਟਾਕ ਐਕਸਚੇਂਜ ਦੀ ਇਮਾਰਤ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਕਾਲ ਰਾਹੀਂ ਧਮਕੀ ਦੇਣ ਵਾਲੇ ਵਿਅਕਤੀ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਦੀ ਆਰਥਿਕਤਾ ਡਿੱਗ ਗਈ ਤਾਂ ਭਾਰਤ ਕਮਜ਼ੋਰ ਹੋ ਜਾਵੇਗਾ।
ਖਾਲਿਸਤਾਨੀ ਸਮਰਥਕ: ਕੁਲਕਰਨੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11:18 ਵਜੇ ਇੱਕ ਅਣਪਛਾਤੇ ਨੰਬਰ ਤੋਂ ਫ਼ੋਨ ਆਇਆ ਸੀ। ਉਸ ਨੇ ਦੱਸਿਆ ਕਿ ਕਾਲ ਦੀ ਲੋਕੇਸ਼ਨ ਯੂਨਾਈਟਿਡ ਕਿੰਗਡਮ ਦਿਖਾ ਰਹੀ ਸੀ। ਸ਼ਿਵਰਾਏ ਕੁਲਕਰਨੀ ਨੇ ਇਹ ਵੀ ਕਿਹਾ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਖਾਲਿਸਤਾਨੀ ਸਮਰਥਕ ਹੈ।
ਬਡਨੇਰਾ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ: ਸ਼ਿਵਰਾਏ ਕੁਲਕਰਨੀ ਨੇ ਇਸ ਘਟਨਾ ਸਬੰਧੀ ਬਡਨੇਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੇ ਨਾਲ ਹੀ ਧਮਕੀ ਦੇਣ ਵਾਲੇ ਵਿਅਕਤੀ ਦੀ ਫ਼ੋਨ ਕਾਲ ਦੀ ਡਿਟੇਲ ਅਤੇ ਗੱਲਬਾਤ ਦੀ ਆਡੀਓ ਕਲਿੱਪ ਵੀ ਪੁਲਿਸ ਨੂੰ ਸੌਂਪੀ ਗਈ ਹੈ। ਸ਼ਿਵਰਾਏ ਕੁਲਕਰਨੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।