ਰਾਜਸਥਾਨ/ਝਾਲਾਵਾੜ: ਜ਼ਿਲ੍ਹੇ ਦੇ ਅਕਲੇਰਾ ਥਾਣਾ ਖੇਤਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਤੇਜ਼ ਰਫਤਾਰ ਬੇਕਾਬੂ ਟਰਾਲੀ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇੱਕੋ ਸਮਾਜ ਦੇ 9 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਹਾਦਸਾ ਅੱਜ ਤੜਕਸਾਰ ਵਾਪਰਿਆ। ਜਾਣਕਾਰੀ ਮੁਤਾਬਕ ਸਾਰੇ ਲੋਕ ਇਕ ਵੈਨ 'ਚ ਮੱਧ ਪ੍ਰਦੇਸ਼ ਤੋਂ ਡੋਂਗਰਗਾਓਂ ਸਥਿਤ ਆਪਣੇ ਘਰ ਪਰਤ ਰਹੇ ਸਨ। ਇਸੇ ਦੌਰਾਨ ਪਚੌਲਾ ਨੇੜੇ ਇੱਕ ਬੇਕਾਬੂ ਟਰਾਲੀ ਨੇ ਵੈਨ ਨੂੰ ਟੱਕਰ ਮਾਰ ਦਿੱਤੀ।
ਇੱਥੇ ਹਾਦਸੇ ਤੋਂ ਬਾਅਦ ਡੀਐਸਪੀ ਹੇਮੰਤ ਗੌਤਮ ਨੇ ਦੱਸਿਆ ਕਿ ਅੱਜ ਤੜਕਸਾਰ ਅਕਲੇਰਾ ਨੇੜੇ ਐਨਐਚ 52 'ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਡੀਐਸਪੀ ਨੇ ਦੱਸਿਆ ਕਿ ਵੈਨ ਅਤੇ ਤੇਜ਼ ਰਫ਼ਤਾਰ ਟਰਾਲੀ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਵੈਨ ਦੇ ਪਰਖੱਚੇ ਉਡ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਜ਼ਿਆਦਾਤਰ ਨੌਜਵਾਨ ਹਨ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਅਸ਼ੋਕ ਕੁਮਾਰ, ਰੋਹਿਤ, ਹੇਮਰਾਜ, ਰਾਹੁਲ, ਸੋਨੂੰ, ਦੀਪਕ, ਰਵੀ ਸ਼ੰਕਰ, ਰੋਹਿਤ ਬਾਗੜੀ, ਰਾਮਕ੍ਰਿਸ਼ਨ ਸ਼ਾਮਲ ਹਨ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
ਅਕਲੇਰਾ ਥਾਣਾ ਇੰਚਾਰਜ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਅਕਲੇਰਾ ਨੇੜੇ ਪਿੰਡ ਡੋਂਗਰਗਾਓਂ ਦੇ ਬਾਗੜੀ ਭਾਈਚਾਰੇ ਦੇ ਲੋਕ ਸ਼ਨੀਵਾਰ ਨੂੰ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਲਈ ਮੱਧ ਪ੍ਰਦੇਸ਼ ਗਏ ਹੋਏ ਸਨ। ਇਸ ਦੌਰਾਨ ਵਿਆਹ ਦੇ ਪ੍ਰੋਗਰਾਮ ਤੋਂ ਨਿਕਲਦੇ ਸਮੇਂ ਉਨ੍ਹਾਂ ਦੀ ਵੈਨ ਨੂੰ ਤੇਜ਼ ਰਫਤਾਰ ਟਰਾਲੀ ਨੇ ਟੱਕਰ ਮਾਰ ਦਿੱਤੀ। ਫਿਲਹਾਲ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਅਕਲੇਰਾ ਦੇ ਕਮਿਊਨਿਟੀ ਹੈਲਥ ਸੈਂਟਰ 'ਚ ਰਖਵਾ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਸਾਰੇ ਲੋਕ ਬਾਗੜੀ ਭਾਈਚਾਰੇ ਨਾਲ ਸਬੰਧਤ ਹਨ। ਫਿਲਹਾਲ ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਇਹ ਦੂਜਾ ਵੱਡਾ ਹਾਦਸਾ ਹੈ, ਇਸ ਤੋਂ ਪਹਿਲਾਂ ਵੀ ਮਾਮੂਲੀ ਗੱਲ ਨੂੰ ਲੈ ਕੇ ਪੰਜ ਲੋਕਾਂ ਦੀ ਮੌਤ ਹੋ ਜਾਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ।