ਓਡੀਸ਼ਾ: ਪੁਰੀ ਵਿੱਚ ਐਤਵਾਰ ਨੂੰ ਭਗਵਾਨ ਜਗਨਨਾਥ ਦੀ ਇੱਕ ਵਿਸ਼ਾਲ ਰੱਥ ਯਾਤਰਾ ਕੱਢੀ ਗਈ, ਜਿਸ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਇਸ ਦੇ ਨਾਲ ਹੀ ਰੱਥ ਯਾਤਰਾ ਦੌਰਾਨ ਭਗਦੜ ਵਰਗੀ ਸਥਿਤੀ ਹੋਣ ਕਾਰਨ ਇਕ ਸ਼ਰਧਾਲੂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਬਲਾਂਗੀਰ ਵਾਸੀ ਲਲਿਤ ਬਗਰਾਤੀ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਰਖਵਾ ਦਿੱਤਾ ਹੈ। ਇਸ ਦੌਰਾਨ ਜ਼ਖਮੀਆਂ ਨੂੰ ਇਲਾਜ ਲਈ ਪੁਰੀ ਦੇ ਜ਼ਿਲਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ।
ਰੱਥ ਖਿੱਚਦੇ ਸਮੇਂ ਵਾਪਰੀ ਘਟਨਾ: ਮੀਡੀਆ ਰਿਪੋਰਟਾਂ ਮੁਤਾਬਕ ਭਗਵਾਨ ਜਗਨਨਾਥ ਦੇ ਨੰਦੀਘੋਸ਼ ਰੱਥ ਨੂੰ ਖਿੱਚਦੇ ਸਮੇਂ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਜਿਸ 'ਚ ਕਈ ਸ਼ਰਧਾਲੂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਓਡੀਸ਼ਾ ਦੇ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਕਿ ਜ਼ਖ਼ਮੀ ਸ਼ਰਧਾਲੂਆਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ: ਰਾਜ ਸਰਕਾਰ ਨੇ ਪੁਰੀ ਵਿੱਚ ਰੱਥ ਖਿੱਚਣ ਦੌਰਾਨ ਜਾਨ ਗੁਆਉਣ ਵਾਲੇ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪੁਰੀ 'ਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਚ ਕਰੀਬ 10 ਲੱਖ ਸ਼ਰਧਾਲੂਆਂ ਨੇ ਹਿੱਸਾ ਲਿਆ ਜਿਸ ਵਿੱਚ ਓਡੀਸ਼ਾ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਸ਼ਰਧਾਲੂ ਸ਼ਾਮਲ ਹੋਏ।
Jai Jagannath! It was a deeply divine experience to witness the pulling of the three chariots of Bhagwan Balabhadra, Mata Subhadra and Mahaprabhu Shri Jagannathji by thousands of devotees during the annual Rath Yatra festival in Puri today. I too participated in this centuries… pic.twitter.com/AmceqXokbM
— President of India (@rashtrapatibhvn) July 7, 2024
ਦ੍ਰੋਪਦੀ ਮੁਰਮੂ ਨੇ ਵੀ ਕੀਤੇ ਦਰਸ਼ਨ: ਪੁਰੀ ਦੇ ਸ਼ੰਕਰਾਚਾਰੀਆ ਨੇ ਆਪਣੇ ਚੇਲਿਆਂ ਨਾਲ ਭਗਵਾਨ ਜਗਨਨਾਥ, ਬਲਭਦਰ ਅਤੇ ਦੇਵੀ ਸੁਭਦਰਾ ਦੇ ਰੱਥਾਂ ਦੇ ਦਰਸ਼ਨ ਕੀਤੇ ਅਤੇ ਹੋਰ ਰਵਾਇਤੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ਾਮ 5.20 ਵਜੇ ਦੇ ਕਰੀਬ ਰੱਥ ਨੂੰ ਖਿੱਚਣ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤਿੰਨਾਂ ਰੱਥਾਂ ਅੱਗੇ ਸਿਰ ਝੁਕਾਇਆ। ਰਾਸ਼ਟਰਪਤੀ ਮੁਰਮੂ, ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ, ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਸਮੇਤ ਕਈ ਸਖ਼ਸ਼ੀਅਤਾਂ ਨੇ ਵੀ ਰੱਥ ਉਤਸਵ ਵਿੱਚ ਹਿੱਸਾ ਲਿਆ।