ਕੋਲਕਾਤਾ/ਸੰਦੇਸ਼ਖਲੀ: ਇੱਕ ਕਥਿਤ ਪੁਲਿਸ ਅਧਿਕਾਰੀ ਨੂੰ 'ਖਾਲਿਸਤਾਨੀ' ਟਿੱਪਣੀ ਕਰਨ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਭਾਜਪਾ ਦੀ ਫੁੱਟ ਪਾਊ ਰਾਜਨੀਤੀ ਨੇ ਬੇਸ਼ਰਮੀ ਨਾਲ ਸੰਵਿਧਾਨਕ ਹੱਦਾਂ ਪਾਰ ਕਰ ਦਿੱਤੀਆਂ ਹਨ। ਭਾਜਪਾ ਅਨੁਸਾਰ ਪੱਗ ਬੰਨ੍ਹਣ ਵਾਲਾ ਹਰ ਵਿਅਕਤੀ ਖਾਲਿਸਤਾਨੀ ਹੈ।'
ਸੂਬੇ ਦੇ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਦੀ ਅਗਵਾਈ ਹੇਠ ਭਾਜਪਾ ਦੇ ਵਫ਼ਦ ਦੇ ਮੈਂਬਰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਸੰਦੇਸ਼ਖਾਲੀ ਗਏ ਹਨ। ਇਹ ਘਟਨਾ ਸੰਦੇਸ਼ਖਾਲੀ ਦੇ ਪਹਿਲਾਂ ਹੀ ਗਰਮ ਚੱਲ ਰਹੇ ਮਾਮਲੇ ਵਿੱਚ ਤਾਜ਼ਾ ਵਾਧਾ ਹੈ, ਜਿੱਥੇ ਸਥਾਨਕ ਨਿਵਾਸੀਆਂ, ਜ਼ਿਆਦਾਤਰ ਔਰਤਾਂ ਨੇ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਅਤੇ ਉਨ੍ਹਾਂ ਦੁਆਰਾ ਸਮਰਥਤ ਗੁੰਡਿਆਂ ਦੇ ਖਿਲਾਫ ਸਰੀਰਕ ਸ਼ੋਸ਼ਣ, ਅੱਤਿਆਚਾਰ ਅਤੇ ਜ਼ਮੀਨ ਹੜੱਪਣ ਦੇ ਦੋਸ਼ ਲਗਾਏ ਹਨ।
ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਮਮਤਾ ਨੇ ਆਪਣੇ ਐਕਸ-ਹੈਂਡਲ 'ਤੇ ਲਿਖਿਆ, 'ਮੈਂ ਸਾਡੇ ਸਿੱਖ ਭੈਣਾਂ-ਭਰਾਵਾਂ ਦੀ ਸਾਖ ਨੂੰ ਢਾਹ ਲਾਉਣ ਦੀ ਇਸ ਕੋਝੀ ਕੋਸ਼ਿਸ਼ ਦੀ ਸਖਤ ਨਿੰਦਾ ਕਰਦੀ ਹਾਂ, ਜੋ ਸਾਡੇ ਦੇਸ਼ ਲਈ ਆਪਣੇ ਬਲੀਦਾਨ ਅਤੇ ਅਟੁੱਟ ਦ੍ਰਿੜਤਾ 'ਤੇ ਮਾਣ ਕਰਦੇ ਹਨ। ਅਸੀਂ ਸੁਰੱਖਿਆ ਲਈ ਦ੍ਰਿੜ ਹਾਂ। ਅਸੀਂ ਬੰਗਾਲ ਦੀ ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ। ਮੁੱਖ ਮੰਤਰੀ ਨੇ ਆਪਣੇ ਐਕਸ-ਹੈਂਡਲ 'ਤੇ ਘਟਨਾ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਹੈ।
ਭਾਜਪਾ ਦਾ ਵਫ਼ਦ ਸੁੰਦਰਬਨ ਦੇ ਸੰਦੇਸ਼ਖਲੀ ਦੇ ਅਸ਼ਾਂਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੀ। ਸ਼ੁਭੇਂਦੂ ਤੋਂ ਇਲਾਵਾ ਭਾਜਪਾ ਵਿਧਾਇਕ ਸ਼ੰਕਰ ਘੋਸ਼, ਅਗਨੀਮਿੱਤਰਾ ਪਾਲ ਅਤੇ ਹੋਰ ਵੀ ਵਫ਼ਦ ਦੇ ਮੈਂਬਰ ਸਨ। ਵੀਡੀਓ ਗ੍ਰੈਬ ਵਿੱਚ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਪਾਸ ਕੀਤੀਆਂ ਟਿੱਪਣੀਆਂ 'ਤੇ ਸਵਾਲ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਕਹਿੰਦੇ ਹਨ, 'ਮੈਂ ਪੱਗ ਬੰਨ੍ਹੀ ਹੋਈ ਹੈ, ਸਿਰਫ਼ ਇਸ ਲਈ ਤੁਸੀਂ ਮੈਨੂੰ ਖਾਲਿਸਤਾਨੀ ਕਰਾਰ ਦੇ ਰਹੇ ਹੋ। ਜੇ ਮੈਂ ਪੱਗ ਨਾ ਬੰਨ੍ਹੀ ਹੁੰਦੀ ਤਾਂ ਕੀ ਤੁਸੀਂ ਅਜਿਹੀ ਗੱਲ ਕਹਿ ਸਕਦੇ ਸੀ? ਇਸ 'ਤੇ ਅਗਨੀਮਿੱਤਰਾ ਪਾਲ ਕਹਿੰਦੇ ਨਜ਼ਰ ਆਏ,'ਤੁਸੀਂ ਪੁਲਿਸ ਅਫਸਰ ਦੀ ਭੂਮਿਕਾ ਨਹੀਂ ਨਿਭਾ ਰਹੇ ਹੋ।' ਇਸ ਤੋਂ ਬਾਅਦ ਸਿੰਘ ਨੂੰ ਭਾਜਪਾ ਵਿਧਾਇਕ ਦੇ ਸ਼ਬਦਾਂ ਦਾ ਜਵਾਬ ਦਿੰਦੇ ਦੇਖਿਆ ਗਿਆ। 'ਤੁਸੀਂ ਮੇਰੇ ਧਰਮ ਬਾਰੇ ਕੁਝ ਨਹੀਂ ਕਹਿ ਸਕਦੇ ਹੋ।'
ਸੁਭੇਂਦੂ ਅਧਿਕਾਰੀ ਨੇ ਇਹ ਕਿਹਾ: ਬਾਅਦ ਵਿੱਚ ਦਿਨ ਵਿੱਚ ਸੰਦੇਸ਼ਖਾਲੀ ਤੋਂ ਵਾਪਸ ਆਉਂਦੇ ਸਮੇਂ ਸੁਭੇਂਦੂ ਅਧਿਕਾਰੀ ਨੇ ਧਮਾਖਲੀ ਬਾਜ਼ਾਰ ਵਿੱਚ ਪੱਤਰਕਾਰਾਂ ਨੂੰ ਕਿਹਾ, 'ਖਾਲਿਸਤਾਨੀ ਜਾਂ ਪਾਕਿਸਤਾਨੀ ਕਹਿਣ ਦੀ ਕੋਈ ਲੋੜ ਨਹੀਂ ਹੈ। ਉਹ ਅਧਿਕਾਰੀ ਸਾਡੇ ਨਾਲ ਦੁਰਵਿਵਹਾਰ ਕਰ ਰਿਹਾ ਸੀ। ਅਸੀਂ ਸਿੱਖ ਧਰਮ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦਾ ਵੀ ਸਤਿਕਾਰ ਕਰਦੇ ਹਾਂ। ਮਮਤਾ ਬੈਨਰਜੀ ਸੌੜੀ ਰਾਜਨੀਤੀ ਕਰਦੇ ਹਨ। ਉਸ ਸਿੱਖ ਪੁਲਿਸ ਅਫਸਰ ਨੇ ਮੁੱਖ ਮੰਤਰੀ ਸਾਹਮਣੇ ਚੰਗਾ ਬਣਨ ਦੀ ਹੋੜ 'ਚ ਉਨ੍ਹਾਂ ਅੱਗੇ ਝੂਠੇ ਤੱਥ ਪੇਸ਼ ਕੀਤੇ ਹਨ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਸਾਡੇ ਵਿੱਚੋਂ ਕਿਸੇ ਨੇ ਵੀ ਕਿਸੇ ਧਰਮ ਜਾਂ ਫਿਰਕੇ ਨੂੰ ਠੇਸ ਨਹੀਂ ਪਹੁੰਚਾਈ ਅਤੇ ਨਾ ਹੀ ਭਵਿੱਖ ਵਿੱਚ ਅਜਿਹਾ ਕਰਾਂਗੇ। ਅਸੀਂ ਇਕਜੁੱਟ ਭਾਰਤ ਦੇ ਹੱਕ ਵਿਚ ਹਾਂ ਅਤੇ ਹਮੇਸ਼ਾ ਵੱਖਵਾਦੀਆਂ ਦਾ ਵਿਰੋਧ ਕੀਤਾ ਹੈ। ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।'
ਇਸ ਦੌਰਾਨ ਸੂਬਾ ਪੁਲਿਸ ਨੇ ਪੂਰੀ ਘਟਨਾ 'ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਦੱਖਣੀ ਬੰਗਾਲ) ਸੁਪ੍ਰਤਿਮ ਸਰਕਾਰ ਨੇ ਪੱਤਰਕਾਰਾਂ ਨੂੰ ਦੱਸਿਆ, 'ਇੱਕ ਡਿਊਟੀ 'ਤੇ ਤਾਇਨਾਤ ਪੁਲਿਸ ਅਧਿਕਾਰੀ ਨੂੰ ਖਾਲਿਸਤਾਨੀ ਕਰਾਰ ਦਿੱਤਾ ਗਿਆ। ਇਹ ਇੱਕ ਮੰਦਭਾਗੀ ਘਟਨਾ ਹੈ ਅਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ। ਸੁਭੇਂਦੂ ਅਧਿਕਾਰੀ ਨੇ ਕਿਹਾ ਹੈ ਕਿ ਉਹ 26 ਫਰਵਰੀ ਨੂੰ ਦੁਬਾਰਾ ਸੰਦੇਸ਼ਖਾਲੀ ਦਾ ਦੌਰਾ ਕਰਨਗੇ ਅਤੇ ਪਿੰਡ ਵਾਸੀਆਂ ਨਾਲ ਉਨ੍ਹਾਂ ਦੀ ਦੁਰਦਸ਼ਾ ਬਾਰੇ ਗੱਲ ਕਰਨਗੇ।