ਤਾਮਿਲਨਾਡੂ/ਚੇਨਈ— ਤਾਮਿਲਨਾਡੂ ਦੇ ਕਾਲਾਕੁਰੀਚੀ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 156 ਲੋਕ ਹਸਪਤਾਲ 'ਚ ਇਲਾਜ ਅਧੀਨ ਹਨ। ਖਬਰਾਂ ਮੁਤਾਬਿਕ ਕਾਲਾਕੁਰੀਚੀ ਸ਼ਰਾਬ ਘੋਟਾਲੇ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬਾਲ ਕਲਿਆਣ ਅਤੇ ਵਿਸ਼ੇਸ਼ ਸੇਵਾਵਾਂ ਵਿਭਾਗ ਵੱਲੋਂ 23 ਜੂਨ ਤੱਕ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਕਾਲਾਕੁਰੀਚੀ ਵਿੱਚ 18 ਸਾਲ ਤੋਂ ਘੱਟ ਉਮਰ ਦੇ 28 ਬੱਚੇ ਹਨ ਜਿਨ੍ਹਾਂ ਦੇ ਮਾਂ ਜਾਂ ਪਿਤਾ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਇਸ ਵਿਸ਼ੇ 'ਤੇ ਜ਼ਿਲ੍ਹਾ ਕੁਲੈਕਟਰ ਪ੍ਰਸ਼ਾਂਤ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਆਧਾਰ 'ਤੇ ਪ੍ਰਾਈਵੇਟ ਸਕੂਲਾਂ 'ਚ ਦਾਖ਼ਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖਣ ਲਈ ਯੋਗ ਕਦਮ ਚੁੱਕੇ ਜਾਣਗੇ।
ਕਾਲਾਕੁਰਿਚੀ ਵਿੱਚ ਜ਼ਹਿਰੀਲੀ ਸ਼ਰਾਬ ਦਾ ਤਾਂਡਵ: ਇਸ ਮਾਮਲੇ ਵਿੱਚ ਜ਼ਿਲ੍ਹਾ ਅਧਿਕਾਰੀ ਬਾਲ ਭਲਾਈ ਅਤੇ ਵਿਸ਼ੇਸ਼ ਸੇਵਾਵਾਂ ਵਿਭਾਗ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ। ਜਿਸ ਦੇ ਅਨੁਸਾਰ 23 ਜੂਨ ਤੱਕ ਕਾਲਾਕੁਰੀਚੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ 18 ਸਾਲ ਤੋਂ ਘੱਟ ਉਮਰ ਦੇ 28 ਬੱਚਿਆਂ ਦੀ ਪਛਾਣ ਕੀਤੀ ਗਈ ਹੈ। ਜਿੰਨ੍ਹਾਂ ਵਿੱਚੋਂ 4 ਬੱਚੇ ਆਪਣੀ ਮਾਂ ਅਤੇ ਪਿਤਾ ਦੋਵੇਂ ਗੁਆ ਚੁੱਕੇ ਹਨ। ਇਸੇ ਤਰ੍ਹਾਂ ਇਸ ਦੁਖਾਂਤ ਵਿੱਚ 44 ਔਰਤਾਂ ਨੇ ਆਪਣੇ ਪਤੀ ਗੁਆ ਦਿੱਤੇ। ਖਬਰਾਂ ਮੁਤਾਬਿਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਮਾਰ ਹੋਏ 40 ਤੋਂ ਵੱਧ ਪਿੰਡਾਂ ਦੇ ਲੋਕ ਕਾਲਾਕੁਰੀਚੀ, ਸਲੇਮ, ਵਿਲੂਪੁਰਮ ਅਤੇ ਪਾਂਡੀਚੇਰੀ ਦੇ ਜੇਆਈਪੀਐਮਈਆਰ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 24 ਤਰੀਕ ਦੀ ਦੁਪਹਿਰ ਤੱਕ ਸ਼ਰਾਬ ਪੀਣ ਨਾਲ ਬਿਮਾਰ ਹੋਏ 58 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 7 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 156 ਲੋਕ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਸੂਬਾ ਸਰਕਾਰ ਪੀੜਤ ਪਰਿਵਾਰ ਦੇ ਬੱਚਿਆਂ ਦੀ ਕਰੇਗੀ ਮਦਦ: ਇਸ ਸਬੰਧ ਵਿਚ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਪਿਛਲੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਵਿਧਾਨ ਸਭਾ ਵਿਚ ਰੱਖੇ ਗਏ ਵਿਸ਼ੇਸ਼ ਤਲਬ ਧਿਆਨ ਪ੍ਰਸਤਾਵ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ, ਤਾਮਿਲਨਾਡੂ ਸਰਕਾਰ ਉਨ੍ਹਾਂ ਬੱਚਿਆਂ ਦੇ ਗ੍ਰੈਜੂਏਸ਼ਨ ਤੱਕ ਟਿਊਸ਼ਨ ਫੀਸ ਅਤੇ ਹੋਸਟਲ ਫੀਸ ਸਮੇਤ ਸਾਰੇ ਖਰਚੇ ਸਹਿਣ ਕਰੇਗੀ, ਜਿਨ੍ਹਾਂ ਨੇ ਹੂਚ ਸਕੈਂਡਲ ਵਿੱਚ ਆਪਣੇ ਮਾਤਾ-ਪਿਤਾ ਜਾਂ ਉਨ੍ਹਾਂ ਵਿੱਚੋਂ ਇੱਕ ਨੂੰ ਗੁਆ ਦਿੱਤਾ ਹੈ। ਹਰੇਕ ਬੱਚੇ ਨੂੰ 18 ਸਾਲ ਦੀ ਉਮਰ ਤੱਕ ਸਰਪ੍ਰਸਤ ਦੀ ਸਰਪ੍ਰਸਤੀ ਹੇਠ ਵੱਡਾ ਹੋਣ ਤੱਕ 5,000 ਰੁਪਏ ਮਹੀਨਾਵਾਰ ਰੱਖ-ਰਖਾਅ ਦਿੱਤਾ ਜਾਵੇਗਾ।
ਸਰਕਾਰ ਦੇਵੇਗੀ ਰਾਹਤ: ਮੁੱਖ ਮੰਤਰੀ ਨੇ ਕਿਹਾ ਕਿ ਫੌਰੀ ਰਾਹਤ ਵਜੋਂ, 5-5 ਲੱਖ ਰੁਪਏ ਮੁੱਖ ਮੰਤਰੀ ਜਨਰਲ ਰਾਹਤ ਫੰਡ ਵਿੱਚੋਂ ਉਨ੍ਹਾਂ ਬੱਚਿਆਂ ਦੇ ਨਾਂ 'ਤੇ ਫਿਕਸਡ ਡਿਪਾਜ਼ਿਟ ਵਿੱਚ ਜਮ੍ਹਾਂ ਕਰਵਾਏ ਜਾਣਗੇ, ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ ਹੈ। ਇਹ ਰਕਮ ਉਨ੍ਹਾਂ ਨੂੰ 18 ਸਾਲ ਦੀ ਉਮਰ ਪੂਰੀ ਕਰਨ 'ਤੇ ਵਿਆਜ ਸਮੇਤ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪਿਆਂ ਵਿੱਚੋਂ ਇੱਕ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਜਨਰਲ ਰਾਹਤ ਫੰਡ ਵਿੱਚੋਂ ਤਿੰਨ-ਤਿੰਨ ਲੱਖ ਰੁਪਏ ਦਿੱਤੇ ਜਾਣਗੇ ਅਤੇ ਸਾਰੀਆਂ ਸਰਕਾਰੀ ਭਲਾਈ ਸਕੀਮਾਂ ਵਿੱਚ ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਨਾਲ ਹੀ ਪੀੜਤ ਪਰਿਵਾਰ ਦੇ ਬੱਚਿਆਂ ਲਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਅਨੁਸਾਰ ਸਰਕਾਰੀ ਸਰਪ੍ਰਸਤੀ ਵਾਲੇ ਘਰਾਂ ਅਤੇ ਹੋਸਟਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।