ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਬੀਆਰਐਸ ਆਗੂ ਕੇ. ਕਵਿਤਾ ਦੀਆਂ ਮੁਸ਼ਕਿਲਾਂ ਹੁਣ ਹੋਰ ਵਧ ਗਈਆਂ ਹਨ। ਈਡੀ ਨੇ ਪਹਿਲਾਂ ਕਵਿਤਾ ਨੂੰ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਸੀਬੀਆਈ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਨੂੰ ਹੀ ਸੀਬੀਆਈ ਨੇ ਦਿੱਲੀ ਦੀ ਰਾਉਜ ਐਵੇਨਿਊ ਅਦਾਲਤ ਨੂੰ ਸੂਚਿਤ ਕੀਤਾ ਸੀ ਕਿ ਉਨ੍ਹਾਂ ਨੇ ਕਥਿਤ ਦਿੱਲੀ ਆਬਕਾਰੀ ਘੁਟਾਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਤਿਹਾੜ ਜੇਲ੍ਹ ਵਿੱਚ ਕੇ ਕਵਿਤਾ ਤੋਂ ਪੁੱਛਗਿੱਛ ਕੀਤੀ ਹੈ। ਇਸ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇ ਕਵਿਤਾ ਨਿਆਂਇਕ ਹਿਰਾਸਤ ਵਿੱਚ ਹਨ। ਵੀਰਵਾਰ ਨੂੰ ਸੀਬੀਆਈ ਨੇ ਵੀ ਕੇ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਤਿਹਾੜ ਜੇਲ੍ਹ ਵਿੱਚ ਬੰਦ ਕੇ ਕਵਿਤਾ ਨੇ ਆਪਣੀ ਅੰਤਰਿਮ ਜ਼ਮਾਨਤ ਲਈ ਰਾਉਜ ਐਵੇਨਿਊ ਅਦਾਲਤ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਪਰ 8 ਅਪ੍ਰੈਲ ਨੂੰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ। ਕੇ ਕਵਿਤਾ ਨੇ ਆਪਣੇ ਨਾਬਾਲਗ ਪੁੱਤਰ ਦੇ ਸਕੂਲੀ ਇਮਤਿਹਾਨਾਂ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।
ਦੱਸ ਦਈਏ ਕਿ ਈਡੀ ਵਲੋਂ ਸ਼ਰਾਬ ਘੁਟਾਲੇ ਵਿੱਚ ਕੇ. ਕਵਿਤਾ ਨੂੰ 15 ਮਾਰਚ ਨੂੰ ਹੈਦਰਾਬਾਦ 'ਚ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਜਾਂਚ ਏਜੰਸੀ ਨੇ ਕੇ ਕਵਿਤਾ ਨੂੰ ਪੁੱਛਗਿੱਛ ਲਈ ਦੋ ਸੰਮਨ ਭੇਜੇ ਸਨ, ਪਰ ਕੇ ਕਵਿਤਾ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ। ਈਡੀ ਮੁਤਾਬਕ ਕੇ ਕਵਿਤਾ ਸ਼ਰਾਬ ਕਾਰੋਬਾਰੀ ਦੀ ਲਾਬੀ ਸਾਊਥ ਗਰੁੱਪ ਨਾਲ ਜੁੜੀ ਹੋਈ ਸੀ। ਇਸ ਮਾਮਲੇ ਵਿੱਚ ਸੀਬੀਆਈ ਨੇ ਕੇ ਕਵਿਤਾ ਦੇ ਸੀਏ ਬੁਚੀਬਾਬੂ ਗੋਰਾਂਤਲਾ ਨੂੰ 8 ਫਰਵਰੀ 2023 ਨੂੰ ਹੀ ਗ੍ਰਿਫ਼ਤਾਰ ਕੀਤਾ ਸੀ।