ਨਵੀਂ ਦਿੱਲੀ: ਰਾਉਜ ਐਵੇਨਿਊ ਕੋਰਟ ਨੇ ਦਿੱਲੀ ਆਬਕਾਰੀ ਘੁਟਾਲਾ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਮੁੜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਐਮਕੇ ਨਾਗਪਾਲ ਨੇ ਇਹ ਹੁਕਮ ਦਿੱਤਾ।
ਸੁਣਵਾਈ ਦੌਰਾਨ ਵਿਸ਼ੇਸ਼ ਜੱਜ ਐਮਕੇ ਨਾਗਪਾਲ ਨੇ ਸੰਜੇ ਸਿੰਘ ਦੀ ਅਰਜ਼ੀ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਅਦਾਲਤ ਨੇ 3 ਫਰਵਰੀ 2024 ਨੂੰ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਰਾਜ ਸਭਾ ਲੈ ਜਾਣ। ਹਾਲਾਂਕਿ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਜਾ ਸਕੀ। ਇਸ ਲਈ ਉਨ੍ਹਾਂ ਨੂੰ 8 ਫਰਵਰੀ ਅਤੇ 9 ਫਰਵਰੀ 2024 ਨੂੰ ਮੁੜ ਰਾਜ ਸਭਾ ਲਿਜਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅਦਾਲਤ ਨੇ ਅੱਗੇ ਕਿਹਾ ਕਿ ਬਿਨੈਕਾਰ ਨੂੰ ਉਪਰੋਕਤ ਮਿਤੀਆਂ ਵਿੱਚੋਂ ਕਿਸੇ ਇੱਕ 'ਤੇ ਸਹੁੰ ਚੁੱਕਣ ਲਈ ਨਿਆਂਇਕ ਹਿਰਾਸਤ ਤੋਂ ਅਤੇ ਉੱਚਿਤ ਸੁਰੱਖਿਆ ਹੇਠ ਰਾਜ ਸਭਾ ਵਿੱਚ ਲਿਜਾਇਆ ਜਾਵੇਗਾ। ਇਸ ਸਬੰਧੀ ਜੇਲ੍ਹ ਸੁਪਰਡੈਂਟ ਨੂੰ ਰਾਜ ਸਭਾ ਸਕੱਤਰੇਤ ਨਾਲ ਵੀ ਗੱਲਬਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਦਾਲਤ ਨੇ ਸੰਜ ਸਿੰਘ ਦੇ ਵਕੀਲ ਨੂੰ ਸਬੰਧਤ ਦਸਤਾਵੇਜ਼ਾਂ 'ਤੇ ਉਨ੍ਹਾਂ ਦੇ ਦਸਤਖ਼ਤ ਕਰਵਾਉਣ ਲਈ ਤਿਹਾੜ ਜੇਲ੍ਹ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਇਸ ਕੇਸ ਵਿੱਚ ਸੰਜੇ ਸਿੰਘ ਵੱਲੋਂ ਵਕੀਲ ਰਜਤ ਭਾਰਦਵਾਜ ਅਤੇ ਮੁਹੰਮਦ ਇਰਸ਼ਾਦ ਪੇਸ਼ ਹੋਏ। ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਵੀਨ ਕੁਮਾਰ ਮੱਤਾ ਪੇਸ਼ ਹੋਏ। ਇਸ ਤੋਂ ਪਹਿਲਾਂ, 5 ਫਰਵਰੀ 2024 ਨੂੰ ਸੰਜੇ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਨਹੀਂ ਚੁੱਕੀ, ਕਿਉਂਕਿ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਪਰਲੇ ਸਦਨ ਦੀ ਕਾਰਵਾਈ ਸੂਚੀਬੱਧ ਕਾਰੋਬਾਰ ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ ਜਿਸ ਨੂੰ ਬੁਲੇਟਿਨ ਵਿੱਚ ਸੂਚਿਤ ਕੀਤਾ ਜਾਂਦਾ ਹੈ। ਸੰਜੇ ਸਿੰਘ ਦੇ ਸਹੁੰ ਚੁੱਕ ਸਮਾਗਮ ਨੂੰ ਸਦਨ ਦੇ ਕੰਮਕਾਜ ਵਿੱਚ ਸੂਚੀਬੱਧ ਨਹੀਂ ਕੀਤਾ ਗਿਆ। ਇਸ ਮਾਮਲੇ 'ਤੇ ਰਾਜ ਸਭਾ ਤੋਂ ਕਦੇ ਵੀ ਕੋਈ ਸੰਚਾਰ ਵਿਚਾਰ ਲਈ ਨਹੀਂ ਆਇਆ।
ਦੱਸ ਦਈਏ ਕਿ ਰਾਉਜ ਐਵੇਨਿਊ ਕੋਰਟ ਨੇ 22 ਦਸੰਬਰ 2023 ਨੂੰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਦੋਂ ਅਦਾਲਤ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਸੰਜੇ ਸਿੰਘ ਮਨੀ ਲਾਂਡਰਿੰਗ ਮਾਮਲੇ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹੋ ਸਕਦੇ ਹਨ। ਅਦਾਲਤ ਨੇ ਕਿਹਾ ਸੀ ਕਿ ਰਿਕਾਰਡ 'ਤੇ ਰੱਖੇ ਗਏ ਤੱਥ ਅਦਾਲਤ ਨੂੰ ਇਹ ਮੰਨਣ ਲਈ ਕਾਫੀ ਹਨ ਕਿ ਸੰਜੇ ਸਿੰਘ ਮਨੀ ਲਾਂਡਰਿੰਗ ਦਾ ਦੋਸ਼ੀ ਹੈ।
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਐਫਆਈਆਰ ਵਿੱਚ ਕੋਈ ਨਾਮ ਨਹੀਂ ਹੈ ਅਤੇ ਜੇਕਰ ਕੋਈ ਮੁਲਜ਼ਮ ਐਫਆਈਆਰ ਵਿੱਚ ਨਾਮ ਦਰਜ ਹੋਣ ਦੇ ਬਾਵਜੂਦ ਬਰੀ ਹੋ ਜਾਂਦਾ ਹੈ ਤਾਂ ਉਸ ਨੂੰ ਮਨੀ ਲਾਂਡਰਿੰਗ ਕਾਨੂੰਨ ਤੋਂ ਛੋਟ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਸੀ ਕਿ ਸਰਕਾਰੀ ਗਵਾਹ ਬਣੇ ਦਿਨੇਸ਼ ਅਰੋੜਾ ਨੇ ਆਪਣੇ ਸਾਬਕਾ ਪੀਏ ਸਰਵੇਸ਼ ਮਿਸ਼ਰਾ ਰਾਹੀਂ ਸੰਜੇ ਸਿੰਘ ਨੂੰ 2 ਕਰੋੜ ਰੁਪਏ ਭੇਜੇ ਸਨ। ਦਿਨੇਸ਼ ਅਰੋੜਾ ਨੇ ਪੈਸੇ ਦੇਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗਵਾਹ ਅਲਫਾ (ਉਪਨਾਮ) ਨੇ ਵੀ ਦਿਨੇਸ਼ ਅਰੋੜਾ ਦੇ ਬਿਆਨ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਈਡੀ ਨੇ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ।
- ਉੱਤਰਾਖੰਡ ਵਿੱਚ UCC ਬਿਲ; ਲਿਵ-ਇਨ 'ਚ ਰਹਿਣ ਲਈ ਕਰਵਾਉਣੀ ਹੋਵੇਗੀ ਰਜਿਸਟ੍ਰੇਸ਼ਨ, ਬੱਚਾ ਪੈਦਾ ਹੋਣ ਉੱਤੇ ਮੰਨਿਆ ਜਾਵੇਗਾ ਜਾਇਜ਼
- ਹਰਦਾ ਪਟਾਕਾ ਫੈਕਟਰੀ 'ਚ ਹੋਇਆ ਧਮਾਕਾ, ਹਾਦਸੇ 'ਚ 7 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਜ਼ਖਮੀ, ਮੁੱਖ ਮੰਤਰੀ ਨੇ ਬੁਲਾਈ ਹੰਗਾਮੀ ਮੀਟਿੰਗ
- ਅੰਤਰਿਮ ਬਜਟ ਸੈਸ਼ਨ 2024: ਕੇਂਦਰੀ ਵਿੱਚ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰੇਗੀ ਵਿੱਤ ਬਿੱਲ, ਸਦਨਾਂ ਦੀ ਕਾਰਵਾਈ ਜਾਰੀ