ਨਵੀਂ ਦਿੱਲੀ: ਕਾਂਗਰਸ ਨੇ ਵੀਰਵਾਰ ਨੂੰ ਮਹਿੰਗਾਈ, ਬੇਰੁਜ਼ਗਾਰੀ, ਸਮਾਜਿਕ ਨਿਆਂ, ਕਿਸਾਨਾਂ ਅਤੇ ਹੋਰ ਕਈ ਮੁੱਦਿਆਂ 'ਤੇ ਸਰਕਾਰ ਦੀਆਂ 'ਨਾਕਾਮੀਆਂ' ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ 'ਕਾਲਾ ਪੱਤਰ' ਜਾਰੀ ਕੀਤਾ। ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਇਹ 'ਕਾਲਾ ਪੱਤਰ' ਜਾਰੀ ਕੀਤਾ। ਪਾਰਟੀ ਨੇ ਇਸ ਨੂੰ '10 ਸਾਲ, ਬੇਇਨਸਾਫ਼ੀ ਦਾ ਦੌਰ' ਦਾ ਨਾਂ ਦਿੱਤਾ ਹੈ।
ਉਨ੍ਹਾਂ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਆਪਣੀਆਂ ਨਾਕਾਮੀਆਂ ਛੁਪਾਉਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਅਜਿਹੇ 'ਚ ਇਸ ਸਰਕਾਰ ਵਿਰੁੱਧ 'ਬਲੈਕ ਪੇਪਰ' ਲਿਆਉਣ ਦਾ ਫੈਸਲਾ ਕੀਤਾ ਗਿਆ ਹੈ। ਕਾਂਗਰਸ ਨੇ ਇਹ ‘ਬਲੈਕ ਪੇਪਰ’ ਅਜਿਹੇ ਸਮੇਂ ਜਾਰੀ ਕੀਤਾ ਹੈ, ਜਦੋਂ ਸਰਕਾਰ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਦੇ 10 ਸਾਲਾਂ ਦੇ ਕਾਰਜਕਾਲ ‘ਤੇ ‘ਵਾਈਟ ਪੇਪਰ’ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, 'ਬਲੈਕ ਪੇਪਰ ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਦੀ ਪ੍ਰੇਸ਼ਾਨੀ, ਜਾਤੀ ਜਨਗਣਨਾ ਕਰਾਉਣ ਵਿਚ ਅਸਫਲਤਾ ਅਤੇ ਔਰਤਾਂ ਨਾਲ ਬੇਇਨਸਾਫੀ ਵਰਗੇ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਦੇ ਹੋਏ ਖੜਗੇ ਨੇ ਕਿਹਾ ਕਿ ਉਹ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਦੀ ਗੱਲ ਕਰਦੇ ਹਨ।
ਮਹਿੰਗਾਈ ਵਧੀ ਹੈ ਅਤੇ ਇਸ ਲਈ ਕੇਂਦਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ। 2 ਕਰੋੜ ਨੌਕਰੀਆਂ ਦੇਣਾ ਅਤੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣਾ ਮੋਦੀ ਦੀ ਗਾਰੰਟੀ ਸੀ ਅਤੇ ਹੁਣ ਪ੍ਰਧਾਨ ਮੰਤਰੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਅਜਿਹਾ ਨਹੀਂ ਕਰ ਸਕੇ, ਸਗੋਂ ਉਹ ਨਵੀਂ ਗਾਰੰਟੀ ਲੈ ਕੇ ਆਏ ਹਨ। ਖੜਗੇ ਨੇ ਕਿਹਾ ਕਿ ਕਾਂਗਰਸ ਨੇ ਭਾਰਤ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਅਤੇ 2024 ਵਿੱਚ ਇਹ ਦੇਸ਼ ਨੂੰ ਭਾਜਪਾ ਦੇ 'ਬੇਇਨਸਾਫ਼ੀ ਦੇ ਹਨੇਰੇ' ਵਿੱਚੋਂ ਬਾਹਰ ਕੱਢੇਗੀ।
ਦੱਸ ਦਈਏ ਕੇਂਦਰ ਸਰਕਾਰ ਵਿਰੁੱਧ ਦਿੱਲੀ ਵਿੱਚ ਜਾਰੀ ਕਾਂਗਰਸ ਦੇ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਹਨ। ਕੇਜਰੀਵਾਲ ਨੇ ਇੱਥੇ ਸੰਬੋਧਨ ਦੌਰਾਨ ਕਿਹਾ ਕਿ ਜਿਸ ਵੀ ਸੂਬੇ ਵਿੱਚ ਗੈਰ ਭਾਜਪਾ ਸ਼ਾਸਿਤ ਸਰਕਾਰ ਹੈ ਉੱਥੇ ਸਰਕਾਰ ਵੱਲੋਂ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਜੋ ਭਾਜਪਾ ਨੂੰ ਵੋਟ ਨਹੀਂ ਦਿੰਦਾ ਉਸ ਨੂੰ ਭਾਜਪਾ ਦੇਸ਼ਧ੍ਰੋਹ ਦਾ ਸਰਟੀਫਿਕੇਟ ਫੜ੍ਹਾ ਰਹੀ ਹੈ।