ਜੈਸਲਮੇਰ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਜੈਸਲਮੇਰ ਜ਼ਿਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਆਰਮੀ ਇੰਟੈਲੀਜੈਂਸ ਟੀਮ ਨੇ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਜੈਸਲਮੇਰ ਸਥਿਤ ਮਿਲਟਰੀ ਸਟੇਸ਼ਨ ਤੋਂ ਆਰਮੀ ਇੰਟੈਲੀਜੈਂਸ ਦੀ ਟੀਮ ਨੇ ਇਸ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ।
ਐਸਪੀ ਵਿਕਾਸ ਸਾਂਗਵਾਨ ਨੇ ਦੱਸਿਆ ਕਿ ਆਰਮੀ ਇੰਟੈਲੀਜੈਂਸ ਟੀਮ ਨੇ ਜੈਸਲਮੇਰ ਆਰਮੀ ਕੈਂਟ ਤੋਂ ਇੱਕ ਸ਼ੱਕੀ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਪਹਿਲੀ ਨਜ਼ਰੇ ਇਹ ਪਤਾ ਲੱਗਾ ਹੈ ਕਿ ਨੌਜਵਾਨ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਆਰਮੀ ਕੈਂਟ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਐਸਪੀ ਨੇ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਕੋਲੋਂ ਇੱਕ ਫ਼ੋਨ ਵੀ ਮਿਲਿਆ ਹੈ, ਜਿਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਹ ਨੌਜਵਾਨ ਲੰਬੇ ਸਮੇਂ ਦੇ ਵੀਜ਼ੇ 'ਤੇ ਇੱਥੇ ਰਹਿ ਰਿਹਾ ਸੀ। ਜੇਆਈਸੀ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।
ਮਿਲਟਰੀ ਸਟੇਸ਼ਨ 'ਤੇ ਮਜ਼ਦੂਰ ਵਜੋਂ ਕੰਮ ਕਰਦਾ ਹੈ ਨੌਜਵਾਨ: ਫੌਜ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਦਾ ਇਕ ਨੌਜਵਾਨ ਮਿਲਟਰੀ ਸਟੇਸ਼ਨ 'ਤੇ ਕੰਟਰੈਕਟ ਬੇਸ ਲੇਬਰ ਵਜੋਂ ਕੰਮ ਕਰਦਾ ਸੀ। ਸ਼ੱਕੀ ਨੌਜਵਾਨ ਨੇ ਪੁੱਛਗਿੱਛ ਦੌਰਾਨ ਆਪਣਾ ਨਾਂ ਮਨੂ ਭੀਲ (24 ਸਾਲ) ਦੱਸਿਆ। ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਭਾਵਲਪੁਰ ਦਾ ਰਹਿਣ ਵਾਲਾ ਹੈ। ਮਨੂ ਭੀਲ 2014 ਵਿੱਚ ਆਪਣੇ ਪਰਿਵਾਰ ਨਾਲ ਭਾਰਤ ਆਇਆ ਸੀ। ਉਹ ਜਨਵਰੀ 2024 ਤੋਂ ਮਿਲਟਰੀ ਸਟੇਸ਼ਨ ਵਿੱਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ।
ਪਾਕਿਸਤਾਨ 'ਚ ਕਰਦਾ ਸੀ ਵੀਡੀਓ ਕਾਲ ਅਤੇ ਚੈਟਿੰਗ: ਤੁਹਾਨੂੰ ਦੱਸ ਦਈਏ ਕਿ ਆਰਮੀ ਇੰਟੈਲੀਜੈਂਸ ਦੀ ਟੀਮ ਸਮੇਂ-ਸਮੇਂ 'ਤੇ ਸਟੇਸ਼ਨ 'ਤੇ ਅਚਨਚੇਤ ਚੈਕਿੰਗ ਕਰਦੀ ਹੈ। ਇਸ ਚੈਕਿੰਗ ਦੌਰਾਨ ਇੱਕ ਨੌਜਵਾਨ ਸ਼ੱਕੀ ਪਾਇਆ ਗਿਆ, ਜਿਸ ਤੋਂ ਬਾਅਦ ਆਰਮੀ ਇੰਟੈਲੀਜੈਂਸ ਨੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਸ਼ੱਕੀ ਨੌਜਵਾਨ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਇਕ ਫੋਨ ਵੀ ਮਿਲਿਆ। ਫੋਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਨੌਜਵਾਨ ਦੇ ਪਾਕਿਸਤਾਨ ਨਾਲ ਸਬੰਧ ਹਨ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਾਕਿਸਤਾਨ ਦੇ ਕਈ ਲੋਕਾਂ ਦੇ ਸੰਪਰਕ 'ਚ ਰਹਿੰਦਾ ਸੀ ਅਤੇ ਉਨ੍ਹਾਂ ਨਾਲ ਚੈਟਿੰਗ, ਵੀਡੀਓ ਅਤੇ ਆਡੀਓ ਕਾਲ ਕਰਦਾ ਸੀ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਫੜੇ ਜਾਣ ਤੋਂ ਕੁਝ ਸਮਾਂ ਪਹਿਲਾਂ ਨੌਜਵਾਨ ਨੇ ਕੁਝ ਪਾਕਿਸਤਾਨੀ ਨੰਬਰਾਂ 'ਤੇ ਕਾਲ ਕੀਤੀ ਸੀ। ਜੈਸਲਮੇਰ ਦੇ ਮਿਲਟਰੀ ਸਟੇਸ਼ਨ 'ਚ ਇਸ ਸ਼ੱਕੀ ਨੌਜਵਾਨ ਨੂੰ ਫੜਨ ਤੋਂ ਬਾਅਦ ਆਰਮੀ ਇੰਟੈਲੀਜੈਂਸ ਨੇ ਉਸ ਨੂੰ ਜੈਸਲਮੇਰ ਕੋਤਵਾਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।