ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ। ਤਿੰਨ ਦਿਨ ਪਹਿਲਾਂ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸੰਸਦ ਵਿੱਚ ਜਾ ਕੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਰਾਉਸ ਐਵੇਨਿਊ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਸੰਜੇ ਸਿੰਘ ਨੂੰ 19 ਮਾਰਚ ਨੂੰ ਸਹੁੰ ਚੁੱਕਣ ਲਈ ਸੰਸਦ ਵਿੱਚ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਸੀ।
ਮੰਗਲਵਾਰ ਨੂੰ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਜੇ ਸਿੰਘ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਐਨਡੀ ਗੁਪਤਾ ਵੀ ਮੌਜੂਦ ਸਨ। 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਜਨਵਰੀ 'ਚ ਦੂਜੀ ਵਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਰਾਜ ਸਭਾ ਚੁਣੇ ਜਾਣ ਦੇ ਬਾਵਜੂਦ ਸੰਜੇ ਸਿੰਘ ਨੂੰ ਸਹੁੰ ਨਹੀਂ ਚੁਕਾਈ ਜਾ ਸਕੀ ਕਿਉਂਕਿ ਉਨ੍ਹਾਂ ਦਾ ਕੇਸ ਵਿਸ਼ੇਸ਼ ਅਧਿਕਾਰ ਕਮੇਟੀ ਵਿੱਚ ਲੰਬਿਤ ਸੀ। ਪਰ ਹੁਣ ਸਹੁੰ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਹੈ। ਸੰਜੇ ਸਿੰਘ ਦਾ ਸੰਸਦ ਦੇ ਤੌਰ 'ਤੇ ਇਹ ਦੂਜਾ ਕਾਰਜਕਾਲ ਹੈ, ਜਿਨ੍ਹਾਂ ਨੇ ਲੋਕ ਹਿੱਤਾਂ ਦੇ ਸਾਰੇ ਮੁੱਦਿਆਂ 'ਤੇ ਦਲੇਰੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਰਾਜ ਸਭਾ ਦੀ ਮੈਂਬਰਸ਼ਿਪ ਲੈਣ 'ਤੇ ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਨੇ ਕਿਹਾ, "ਇਹ ਸਾਡੇ ਲਈ ਖੁਸ਼ੀ ਦਾ ਦਿਨ ਹੈ। ਆਖਰਕਾਰ ਉਨ੍ਹਾਂ ਨੇ ਸਹੁੰ ਚੁੱਕੀ। ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀਆਂ ਦਿੱਤੀਆਂ ਹਨ, ਉਹ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਨਿਭਾਉਣਗੇ। ਉਹਨਾਂ ਕਿਹਾ ਕਿ ਬੇਸ਼ੱਕ ਲੜਾਈ ਲੰਬੀ ਸੀ, ਪਰ ਜਿੱਤ ਹਮੇਸਾਂ ਸੱਚਾਈ ਦੀ ਹੁੰਦੀ ਹੈ। ਸਾਨੂੰ ਉਮੀਦ ਹੈ ਕਿ ਸੰਜੇ ਸਿੰਘ ਪਾਰਲੀਮੈਂਟ ਵਿੱਚ ਲੋਕਾਂ ਦੀ ਅਵਾਜ਼ ਬੁਲੰਦ ਕਰਨਗੇ। ਅੱਜ ਭਾਵੇਂ ਉਨ੍ਹਾਂ ਨੂੰ ਸੱਤਾਧਾਰੀ ਪਾਰਟੀ ਨੇ ਸਿਆਸੀ ਨਫ਼ਰਤ ਕਾਰਨ ਜੇਲ੍ਹ ਵਿੱਚ ਡੱਕ ਦਿੱਤਾ ਹੈ, ਪਰ ਸੰਸਦ ਵਿੱਚ ਉਨ੍ਹਾਂ ਦੀ ਬੁਲੰਦ ਆਵਾਜ਼ ਅਤੇ ਪੂਰਾ ਦੇਸ਼ ਉਹਨਾਂ ਦੇ ਲਗਾਤਾਰ ਸੰਘਰਸ਼ ਦਾ ਗਵਾਹ ਰਿਹਾ ਹੈ।