ਬਰਨਾਲਾ: ਜ਼ਿਲ੍ਹੇ ਦੇ ਪਿੰਡ ਸੇਖਾ ਵਾਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਨੌਜਵਾਨ ਨੇ ਆਪਣੇ ਭਰਾਵਾਂ ਨੂੰ ਪਰਾਲੀ ਪ੍ਰਬੰਧਨ ਦੀ ਚਿਣਗ ਲਾਈ ਹੈ, ਜਿਸ ਬਦੌਲਤ ਇਹ ਪਰਿਵਾਰ ਦੂਜੇ ਕਿਸਾਨਾਂ ਲਈ ਉਦਾਹਰਨ ਬਣਿਆ ਹੈ। ਸੇਖਾ ਪਿੰਡ ਵਾਸੀ ਅਮਰਿੰਦਰ ਸਿੰਘ ਵੜੈਚ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਟੈਕ (ਬਾਇਓ ਟੈਕਨਾਲੋਜੀ) ਕੀਤੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਤਾਏ ਦੇ ਪੁੱਤਾਂ ਸਰਬਜੀਤ ਸਿੰਘ ਵੜੈਚ ਅਤੇ ਬਲਕਾਰ ਸਿੰਘ ਵੜੈਚ ਨਾਲ 35 ਏਕੜ ਦੀ ਖੇਤੀ ਕਰਦੇ ਹਨ।
ਪਰਾਲੀ ਪ੍ਰਬੰਧਨ ਵੱਲ ਮੁੜੇ
ਉਹ ਕਣਕ ਅਤੇ ਝੋਨੇ ਤੋਂ ਇਲਾਵਾ ਆਲੂ, ਮੱਕੀ, ਮੂੰਗੀ ਆਦਿ ਦੀ ਕਾਸ਼ਤ ਕਰਦੇ ਹਨ। ਉਨ੍ਹਾਂ ਨੇ 2018 ਤੋਂ ਪਰਾਲੀ ਨੂੰ ਅੱਗ ਲਾਉਣੀ ਬੰਦ ਕੀਤੀ ਹੋਈ ਹੈ। ਉਨ੍ਹਾਂ ਦੀ ਭੈਣ ਤਜਿੰਦਰ ਕੌਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਭੂਮੀ ਵਿਗਿਆਨ 'ਤੇ ਪੀਐ$ਚਡੀ ਕਰ ਰਹੀ ਹੈ 'ਤੇ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਭੈਣ ਵੱਲੋਂ ਖੇਤੀਬਾੜੀ ਦੀ ਪੜ੍ਹਾਈ ਕੀਤੀ ਹੋਣ ਅਤੇ ਉਸ ਦੇ ਖ਼ੁਦ ਦੇ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹੋਣ ਕਰਕੇ ਪਰਾਲੀ ਪ੍ਰਬੰਧਨ ਬਾਰੇ ਵਧੇਰੇ ਜਾਣਕਾਰੀ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਦੇ ਭਰਾ ਸਰਬਜੀਤ ਸਿੰਘ ਅਤੇ ਬਲਕਾਰ ਸਿੰਘ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜੇ ਹੋਣ ਕਾਰਣ ਸਾਰਿਆਂ ਦੇ ਸਲਾਹ ਮਸ਼ਵਰੇ ਨਾਲ ਪਰਾਲੀ ਨੂੰ ਸਾੜਨ ਦੀ ਬਜਾਏ ਪ੍ਰਬੰਧਨ ਕਰਨ ਦੀ ਵਿਉਂਤ ਬਣਾਈ। ਇਸ ਦੌਰਾਨ ਹੈ ਕੋਈ ਦਿੱਕਤ ਆਉਂਦੀ ਤਾਂ ਅਸੀਂ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਜਾਂ ਹੋਰ ਮਾਹਿਰਾਂ ਦੀ ਮਦਦ ਲੈਂਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਰਮ ਸਿੰਘ ਅਤੇ ਤਾਇਆ ਗੁਰਚਰਨ ਸਿੰਘ ਨੇ ਸਾਡੀ ਅਗਵਾਈ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅਸੀਂ ਪਰਾਲੀ ਪ੍ਰਬੰਧਨ ਵੱਲ ਮੁੜੇ।
ਪਰਾਲੀ ਦਾ ਜ਼ਮੀਨ 'ਚ ਹੀ ਨਿਬੇੜਾ
ਕਿਸਾਨ ਸਰਬਜੀਤ ਸਿੰਘ ਵੜੈਚ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵੀ ਰਲਾਉਂਦੇ ਹਨ ਅਤੇ ਕੁਝ ਜ਼ਮੀਨ ਵਿੱਚ ਗੰਢਾਂ ਵੀ ਬਣਾਉਂਦੇ ਹਨ। ਉਹ ਮਲਚਰ, ਰੋਟਾਵੇਟਰ ਅਤੇ ਪਲਾਓ ਆਦਿ ਸੰਦਾਂ ਦੀ ਮਦਦ ਨਾਲ ਪਰਾਲੀ ਦਾ ਜ਼ਮੀਨ ਵਿੱਚ ਨਿਬੇੜਾ ਕਰਦੇ ਹਨ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ ਅਤੇ ਝਾੜ ਵੀ ਚੰਗਾ ਮਿਲਦਾ ਹੈ।ਨੌਜਵਾਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਲ 2022 ਵਿੱਚ ਜਦੋਂ ਜਿਆਦਾ ਮੀਂਹ ਆਏ ਤਾਂ ਦੇਖਣ ਵਿੱਚ ਆਇਆ ਕਿ ਜਿਹੜੀ ਜ਼ਮੀਨ ਵਿੱਚ ਪਲਾਓ ਮਾਰੇ ਸਨ, ਉੱਥੇ ਆਲੂ ਦੀ ਫ਼ਸਲ ਖ਼ਰਾਬ ਨਹੀਂ ਹੋਈ ਜਦੋਂਕਿ ਬਾਕੀ ਜ਼ਮੀਨ 'ਚ ਫ਼ਸਲ ਨੁਕਸਾਨੀ ਗਈ ਕਿਉਂਕਿ ਪਲਾਓ ਡੂੰਘੇ ਵੱਜਣ ਕਾਰਣ ਜ਼ਮੀਨ ਹੇਠ ਬਣੀ ਪੇਪੜੀ ਟੁੱਟ ਜਾਂਦੀ ਹੈ ਅਤੇ ਪਾਣੀ ਅੰਦਰ ਸਮਾਉਣ ਦੀ ਸਮਰੱਥਾ ਵਧ ਜਾਂਦੀ ਹੈ।
- ਲੁਧਿਆਣਾ ਦੇ ਸ਼ਿਮਲਾਪੁਰੀ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਇੱਕ ਨੌਜਵਾਨ ਦੀ ਮੌਤ, ਵੇਖੋ ਸੀਸੀਟੀਵੀ ਤਸਵੀਰਾਂ - youth died during a clash
- ਆਖਿਰ ਕੌਣ ਨੇ ਬਹਿਬਲਕਲਾਂ ਇਨਸਾਫ ਮੋਰਚਾ ਦੇ ਆਗੂ ਸੁਖਰਾਜ ਸਿੰਘ, ਪੜ੍ਹੋ ਈਟੀਵੀ ਦੀ ਸਪੈਸ਼ਲ ਰਿਪੋਰਟ - Who Is Sukhraj Singh Niamiwala
- 70 ਸਾਲਾਂ ਬਜ਼ੁਰਗ ਨੇ ਸਾਇਕਲ 'ਤੇ ਸ਼ੁਰੂ ਕੀਤਾ ਵਿਸ਼ਵ ਸਾਂਤੀ ਸ਼ੰਦੇਸ਼ ਯਾਤਰਾ - World Peace Day Yatra
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸੇਖਾ ਵਾਸੀ ਕਿਸਾਨ ਭਰਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਪੜ੍ਹੇ -ਲਿਖੇ ਨੌਜਵਾਨ ਪਰਾਲੀ ਪ੍ਰਬੰਧਨ ਮੁਹਿੰਮ ਦੀ ਅਗਵਾਈ ਕਰਨ ਤਾਂ ਅਸੀਂ ਛੇਤੀ ਹੀ ਇਸ ਮੁਹਿੰਮ 'ਚ ਸਫਲਤਾ ਹਾਸਲ ਕਰ ਲਵਾਂਗੇ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਪਾਸੇ ਤੁਰਨ ਦੀ ਅਪੀਲ ਕੀਤੀ।