ਗੋਰਾਇਆਂ ਮੇਨ ਹਾਈਵੇ 'ਤੇ ਖੜ੍ਹੇ ਗੰਦੇ ਪਾਣੀ ਨਾਲ ਲੋਕਾਂ ਨੂੰ ਆ ਰਹੀਂ ਮੁਸ਼ਕਲ
ਜਲੰਧਰ: ਗੋਰਾਇਆਂ ਮੇਨ ਹਾਈਵੇ ਨਾਲ ਪਾਣੀ ਦੇ ਨਿਕਾਸ ਲਈ ਬਣੇ ਨਾਲਿਆਂ ਵਿੱਚੋਂ ਪਾਣੀ ਸੜਕ ਉਪਰ ਆਉਣ ਦੇ ਨਾਲ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੈਟਰੋਲ ਪੰਪ ਦੇ ਮਾਲਕ ਸਤਨਾਮ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦਾ ਪਾਣੀ ਇਨ੍ਹਾਂ ਨਾਲਿਆਂ ਵਿੱਚ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਤਾਂ ਪੈਟਰੋਲ ਪੰਪ ਦੇ ਅੰਦਰ ਪਾਣੀ ਦਾਖਲ ਹੋ ਜਾਂਦਾ ਸੀ। ਨਗਰ ਨਿਗਮ ਵੱਲੋਂ ਛੱਡਿਆ ਗਿਆ ਪਾਣੀ ਸੜਕ ਦੇ ਉਪਰ ਆ ਗਿਆ ਹੈ, ਜਿਸ ਨਾਲ ਇਥੋਂ ਲੰਘਣ ਵਾਲੇ ਰਾਹਗੀਰ ਕਈ ਵਾਰ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਪਾਣੀ ਦੀ ਸਮੱਸਿਆ ਦੇ ਕਾਰਨ ਪੰਪ ਨੂੰ ਵੀ ਬੰਦ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਲੋਕ ਆਸਾਨੀ ਨਾਲ ਆਪਣੇ ਕੰਮ 'ਤੇ ਜਾ ਸਕਣ। ਇਸ ਸੰਬੰਧੀ ਜਦੋਂ ਨਗਰ ਨਿਗਮ ਗੋਰਾਇਆਂ ਦੇ ਈਓ ਰਣਧੀਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕਰ ਦਿੱਤਾ ਜਾਵੇਗਾ।