‘ਕੇਂਦਰ ਸਰਕਾਰ ਦੇ ‘ਆਪ੍ਰੇਸ਼ਨ ਕਲੀਨ’ ਨੂੰ ਨਹੀਂ ਹੋਣ ਦੇਵਾਂਗੇ ਕਾਮਯਾਬ’
ਮਾਨਸਾ: ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਜਿੱਥੇ ਕਿਸਾਨ ਜਥੇਬੰਦੀਆਂ ਦਿੱਲੀ ਦੀ ਬਰੂਹਾਂ ਉੱਤੇ ਸੰਘਰਸ਼ ਲੜ ਰਹੇ ਹਨ ਉਥੇ ਹੀ ਪੰਜਾਬ ਅੰਦਰ ਵੀ ਧਰਨਿਆਂ ਤੇ ਬੈਠੇ ਕਿਸਾਨਾਂ ਦਾ ਹੌਸਲਾ ਬੁਲੰਦ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪਹਿਲਾਂ ਸੰਘਰਸ਼ ਪੰਜਾਬ ਅੰਦਰ ਚੱਲਿਆ ਤੇ ਫੇਰ ਉਸ ਪਿੱਛੋਂ ਸਰਕਾਰਾਂ ਦੇ ਨਾ ਮੰਨਣ ਕਾਰਨ ਦਿੱਲੀ ਦੀਆਂ ਬਰੂਹਾਂ ਤੱਕ ਕਿਸਾਨਾਂ ਦੇ ਸੈਲਾਬ ਨੂੰ ਪਹੁੰਚਣਾ ਪਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਲੀਨ ਆਪ੍ਰੇਸ਼ਨ ਦਾ ਪ੍ਰਚਾਰ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਜੋ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ ਤੇ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਦਿੱਲੀ ਤੋਂ ਵਾਪਸ ਨਹੀਂ ਪਰਤਾਂਗੇ।