ਬੇਰੁਜ਼ਗਾਰ ਲਾਈਨਮੈਨ ਯੂਨੀਅਨ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਪਟਿਆਲਾ ਵਿਖੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਵੱਲੋਂ ਸ਼ਹਿਰ ਦੇ ਮੁੱਖ ਬਿਜਲੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਲਾਈਨਮੈਨ ਯੂਨੀਅਨ ਵੱਲੋਂ ਇਹ ਰੋਸ ਪ੍ਰਦਰਸ਼ਨ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਤਕਰੀਬਨ 3500 ਸਹਾਇਕ ਲਈਨਮੈਨ ਮੌਜੂਦਾ ਸਮੇਂ 'ਚ ਬੇਰੁਜ਼ਗਾਰ ਹਨ। ਬੀਤੀ 27 ਜਨਵਰੀ ਨੂੰ ਸਾਂਸਦ ਪਰਨੀਤ ਕੌਰ ਵੱਲੋਂ 261 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਪਹਿਲਾਂ ਹੀ ਲਾਈਨਮੈਨਾਂ ਦੀਆਂ ਨਿਯੁਕਤੀਆਂ ਉਨ੍ਹਾਂ ਦੇ ਘਰ ਨੇੜੇ ਕੀਤੇ ਜਾਣ ਲਈ ਆਪਸੀ ਰਜ਼ਾਮੰਦੀ ਨਾਲ ਸਮਝੌਤਾ ਹੋਇਆ ਸੀ। ਇਸ ਦੇ ਬਾਵਜੂਦ ਸਰਕਾਰ ਨੇ ਵਾਅਦਾ ਖ਼ਿਲਾਫ਼ੀ ਕਰਦੇ ਹੋਏ ਲਾਈਨਮੈਨਾਂ ਦੀ ਨਿਯੁਕਤੀ ਉਨ੍ਹਾਂ ਦੇ ਘਰ ਤੋਂ ਦੂਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰ ਲਾਈਮੈਨਾਂ ਵੱਲੋਂ 40-44 ਸਾਲ ਤੱਕ ਦੇ ਲਾਈਨਮੈਨਾਂ ਲਈ 100-1000 ਨਵੀਂ ਅਸਾਮੀਆਂ ਕੱਢੇ ਜਾਣ ਦੀ ਮੰਗ ਕੀਤੀ ਗਈ ਹੈ।