ਹਾਈਕੋਰਟ ਨੇ ਕਿਹਾ- ਸੁਮੇਧ ਸੈਣੀ ਨੂੰ ਸਰਕਾਰੀ ਸ਼ੈਅ ਪ੍ਰਾਪਤ ਸੀ, ਅਗਾਊਂ ਜ਼ਮਾਨਤ ਅਰਜ਼ੀ ਰੱਦ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਹਾਈਕੋਰਟ ਵੱਲੋਂ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਜਿਸ ਤੋਂ ਬਾਅਦ ਸੈਣੀ ਉੱਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ। ਹਾਈਕੋਰਟ ਨੇ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ 15 ਸਫ਼ਿਆਂ ਦੀ ਰਿਪੋਰਟ ਪਾਸ ਕੀਤੀ। ਸਪੈਸ਼ਲ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਹਾਈਕੋਰਟ ਵੱਲੋਂ ਜਾਰੀ ਆਦੇਸ਼ਾਂ ਵਿੱਚ ਕਿਹਾ ਹੈ ਕਿ ਤੱਤਕਾਲੀ ਸਰਕਾਰ ਦੇ ਸਮੇਂ ਸੁਮੇਧ ਸਿੰਘ ਸੈਣੀ ਸਰਕਾਰ ਦਾ ਚਹੇਤਾ ਸੀ। ਕੋਰਟ ਨੇ ਉਨ੍ਹਾਂ ਨੂੰ ਬਲੂ-ਆਈਜ਼ ਕਿਹਾ ਹੈ। ਹਾਈਕੋਰਟ ਨੇ ਸਾਫ਼ ਕਿਹਾ ਹੈ ਕਿ ਸੈਣੀ ਨੂੰ ਰਾਜਨੀਤਿਕ ਸ਼ੈਅ ਸੀ, ਇਸ ਕਰਕੇ ਉਸ ਨੇ ਬਲਵੰਤ ਸਿੰਘ ਮੁਲਤਾਨੀ ਅਤੇ ਹੋਰ ਕਈ ਲੋਕਾਂ ਵਿਰੁੱਧ ਗ਼ੈਰ-ਕਾਨੂੰਨੀ ਕਾਰਵਾਈ ਕੀਤੀ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਆਧਾਰ ਉੱਤੇ ਚੁੱਕਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਹੀ ਨਹੀਂ ਚੱਲਿਆ।