ਖੇਤੀ ਆਰਡੀਨੈਂਸਾਂ ਵਿਰੁੱਧ ਨਾਭਾ 'ਚ ਕਿਸਾਨਾਂ ਨੇ ਕੀਤਾ ਪਿੱਟ ਸਿਆਪਾ, ਪੁਤਲਾ ਫੂਕਿਆ
ਨਾਭਾ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਦੀ ਅਗਵਾਈ ਵਿੱਚ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਪਿੱਟ ਸਿਆਪਾ ਕੀਤਾ। ਕਿਸਾਨ ਆਗੂਆਂ ਉਂਕਾਰ ਸਿੰਘ ਅਗੌਲ ਤੇ ਜਗਜੀਤ ਸਿੰਘ ਮੋਹਲਗੁਆਰਾ ਨੇ ਕਿਹਾ ਕਿ ਖੇਤੀ ਆਰਡੀਨੈਂਸ ਦੇ ਨਾਲ-ਨਾਲ ਹਰ ਵਰਗ ਲਈ ਘਾਤਕ ਹਨ ਅਤੇ 25 ਨੂੰ ਬੰਦ ਕਰਕੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਮੋਦੀ ਨੂੰ ਇਹ ਬਿੱਲ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਕਿਸੇ ਵੀ ਕੀਮਤ 'ਤੇ ਪਿੰਡ ਅਤੇ ਸ਼ਹਿਰਾਂ ਵਿੱਚ ਵੜ੍ਹਨ ਨਹੀਂ ਦੇਣਗੇ। ਉਨ੍ਹਾਂ ਸਮੂਹ ਸੂਬਾ ਵਾਸੀਆਂ ਨੂੰ 25 ਦੇ ਬੰਦ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆੜ੍ਹਤੀਆਂ ਨੇ ਵੀ ਕਿਸਾਨਾਂ ਨੂੰ ਹਮਾਇਤ ਦਾ ਐਲਾਨ ਕੀਤਾ।