ਡੀਐਸਪੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ:ਪੰਜਾਬ ਵਿੱਚ ਕਾਨੂੰਨ ਵਿਵਸਥਾ (Law and order in Punjab) ਲਗਾਤਾਰ ਹਾਸ਼ੀਏ ਉੱਤੇ ਪਹੁੰਚੀ ਵਿਖਾਈ ਦੇ ਰਹੀ ਹੈ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਤੇ ਚਿੱਟੇ ਦਿਨ ਅਤੇ ਕਿਤੇ ਰਾਤਾਂ ਨੂੰ ਘਰਾਂ ਅੰਦਰ ਸ਼ਰੇਆਮ ਦਾਖਿਲ ਹੋਕੇ ਮੁਲਜ਼ਮ ਵਾਰਦਾਤਾਂ ਨੂੰ ਬੇਖੌਫ਼ ਅੰਦਾਜ਼ ਵਿੱਚ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਘਰਿਆਲਾ ਤੋਂ ਸਾਹਮਣੇ ਆਇਆ ਸੀ,ਜਿੱਥੇ ਦੋ ਹਮਲਾਵਰਾਂ ਵੱਲੋਂ ਰਾਤ 1 ਵਜੇ ਦੇ ਕਰੀਬ ਘਰ ਵਿੱਚ ਦਾਖਲ ਹੋ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ 'ਚ ਹੁਣ ਜਾਂਚ ਦੌਰਾਨ ਨਵਾਂ ਮੌੜ ਸਾਹਮਣੇ ਆਇਆ ਹੈ।
ਪਤਨੀ ਨੇ ਕਰਵਾਇਆ ਪਤੀ ਦਾ ਕਤਲ: ਇਸ ਮਾਮਲੇ 'ਚ ਚੱਲ ਰਹੀ ਪੁਲਿਸ ਜਾਂਚ 'ਚ ਨਵਾਂ ਖੁਲਾਸਾ ਹੋਇਆ ਹੈ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਕਰ ਰਹੇ ਡੀਐਸਪੀ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਵਲੋਂ ਹੀ ਆਪਣੇ ਆਸ਼ਿਕ ਨਾਲ ਮਿਲ ਕੇ ਇਹ ਕਤਲ ਕਰਵਾਇਆ ਗਿਆ ਹੈ। ਇਸ ਸਬੰਧੀ ਡੀਐੱਸਪੀ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਪਿੰਡ ਲਾਖਣਾ ਦੇ ਮਹਾਂਵੀਰ ਸਿੰਘ ਨਾਲ ਨਜਾਇਜ਼ ਸਬੰਧ ਸਨ,ਜਿਸ ਦੇ ਚੱਲਦੇ ਪਤਨੀ ਵਲੋਂ ਆਪਣੇ ਆਸ਼ਿਕ ਤੋਂ ਹੀ ਪਤੀ ਦਾ ਕਤਲ ਕਰਵਾਇਆ ਗਿਆ ਹੈ। ਜਿਸ ਦੇ ਚੱਲਦੇ ਤੜਕਸਾਰ ਮਹਾਂਵੀਰ ਸਿੰਘ ਅਤੇ ਉਸ ਦੇ ਸਾਥੀ ਨੇ ਰਣਜੀਤ ਸਿੰਘ ਦੇ ਘਰ 'ਚ ਦਾਖਿਲ ਹੋ ਕੇ ਗੋਲੀਆਂ ਮਾਰ ਦਿੱਤੀਆਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਮਲੂਕ ਸਿੰਘ ਦੇ ਬਿਆਨਾਂ 'ਤੇ ਪਰਚਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਰ 'ਚ ਦਾਖਿਲ ਹੋਕੇ ਕੀਤਾ ਕਤਲ:ਇਸ ਤੋਂ ਪਹਿਲਾਂ ਜਾਣਕਾਰੀ ਦਿੰਦੇ ਹੋਏ ਕਤਲ ਹੋਏ ਨੌਜਵਾਨ ਰਣਜੀਤ ਸਿੰਘ ਰਾਣਾ (Ranjit Singh Rana was killed) ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਰਣਜੀਤ ਸਿੰਘ ਅੱਠ ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਆਇਆ ਸੀ ਅਤੇ ਆਕੇ ਉਸ ਨੇ ਪਿੰਡ ਘਰਿਆਲਾ ਵਿਖੇ ਨਵਾਂ ਜਿੰਮ ਖੋਲ੍ਹਿਆ ਸੀ। ਉਹਨਾਂ ਕਿਹਾ ਕਿ ਰਣਜੀਤ ਸਿੰਘ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਰਣਜੀਤ ਸਿੰਘ ਦੇਰ ਰਾਤ ਜਿੰਮ ਬੰਦ ਕਰਕੇ ਘਰ ਆਕੇ ਸੋ ਗਿਆ। ਰਾਤ 1 ਵਜੇ ਦੇ ਕਰੀਬ ਉਨ੍ਹਾਂ ਨੂੰ ਖੜਾਕ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਉੱਠ ਕੇ ਦੇਖਿਆ ਤਾਂ ਦੋ ਅਣਪਛਾਤੇ ਵਿਅਕਤੀ ਘਰ ਦੀਆਂ ਪੌੜੀਆਂ ਟੱਪ ਕੇ ਭੱਜ ਗਏ ਸਨ। ਇਸ ਤੋਂ ਬਾਅਦ ਜਦੋਂ ਉਸ ਨੇ ਅੰਦਰ ਜਾਕੇ ਵੇਖਿਆ ਤਾਂ ਰਣਜੀਤ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ ਅਤੇ ਰਣਜੀਤ ਸਿੰਘ ਦੀ ਛਾਤੀ ਵਿੱਚ ਦੋ ਗੋਲੀਆਂ ਅਤੇ ਇੱਕ ਗੋਲੀ ਧੌਣ ਵਿੱਚ ਵੱਜੀ ਹੋਈ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਸੁੱਤੇ ਪਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਪੁਲਿਸ ਨੇ ਜਾਂਚ ਕੀਤੀ ਸੀ ਸ਼ੁਰੂ:ਉੱਧਰ ਮੌਕੇ ਉੱਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਐੱਸਐੱਚਓ ਗੁਰਤੇਜ ਸਿੰਘ ਬਰਾੜ (Sadar Patti SHO Gurtej Singh Brar) ਨੇ ਦੱਸਿਆ ਸੀ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਮੁਤਾਬਿਕ ਮ੍ਰਿਤਕ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਘਰ ਅੰਦਰ ਦੇਰ ਰਾਤ ਕੀਤੇ ਗਏ ਇਸ ਕਤਲ ਦਾ ਕਾਰਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਲਦ ਪਤਾ ਕੀਤਾ ਜਾਵੇਗਾ। ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ ਉੱਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।