ਤਰਨ ਤਾਰਨ: ਸੂਬੇ ਵਿੱਚ ਲਗਾਤਾਰ ਅਪਰਾਧਿਕ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਹਨ। ਤਰਨ ਤਾਰਨ ਪੁਲਿਸ ਵਲੋਂ ਢਾਈ ਕਿੱਲੋ RDX ਦੀ ਬਰਾਮਦਗੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਪੁਲਿਸ ਨੂੰ ਦੋਵਾਂ ਮੁਲਜ਼ਮਾਂ ਦਾ 12 ਮਈ ਤੱਕ ਦਾ ਰਿਮਾਂਡ ਦੇ ਦਿੱਤਾ ਹੈ। ਗ੍ਰਿਫਤਾਰ ਕੀਤੇ ਗਏ ਇੰਨ੍ਹਾਂ ਮੁਲਜ਼ਮਾਂ ਦਾ ਨਾਮ ਬਿੰਦੂ ਅਤੇ ਜੱਗਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਧਮਾਕੇਖੇਜ ਸਮੱਗਰੀ ਸਮੇਤ ਮੁਲਜ਼ਮਾਂ ਨੂੰ ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆ ਤੋਂ ਗ੍ਰਿਫਤਾਰ ਕੀਤਾ ਸੀ।
ਪੁਲਿਸ ਵੱਲੋਂ ਜਦੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮੁਲਜ਼ਮਾਂ ਦੇ ਪਰਿਵਾਰਿਕ ਮੈਂਬਰ ਵੀ ਅਦਾਲਤ ਦੇ ਗੇਟ ਬਾਹਰ ਖੜ੍ਹੇ ਵਿਖਾਈ ਦਿੱਤੇ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕਾਫੀ ਹੰਗਾਮਾ ਵੀ ਕੀਤਾ ਗਿਆ। ਮੁਲਜ਼ਮਾਂ ਦੇ ਮਿਲੇ ਰਿਮਾਂਡ ਤੋਂ ਬਾਅਦ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿੰਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਨ੍ਹਾਂ ਦਾ 12 ਮਈ ਤੱਕ ਦਾ ਰਿਮਾਂਡ ਦਿੱਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਦਾ ਗ੍ਰਿਫਤਾਰੀ ਅਜੇ ਬਾਕੀ ਹੈ ਜਦਕਿ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਗਏ ਹਨ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂਆਂ ਤੋਂ 2.5 ਕਿ.ਗ੍ਰਾ. ਆਈਈਡੀ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਰੇਪਨਲ ਬਰਾਮਦ ਹੋਇਆ ਹੈ। ਇਹ ਆਰਡੀਐਕਸ ਇਕ ਖੰਡਰ ਇਮਾਰਤ ‘ਚ ਛੁਪਾਇਆ ਹੋਇਆ ਸੀ। ਇਸ ਮਾਮਲੇ ਨੂੰ ਕਰਨਾਲ ਤੋਂ ਫੜੇ ਗਏ ਦਹਿਸ਼ਤਗਰਦਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਸੂਬੇ ‘ਚ ਵੱਡੇ ਧਮਾਕੇ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਤਰਨਤਾਰਨ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਜਨਾਲਾ ਸਾਇਡ ਦੇ ਰਹਿਣ ਵਾਲੇ ਹਨ। ਇਨ੍ਹਾਂ ਦੋਵਾਂ ਦੀ ਨਿਸ਼ਾਨਦੇਹੀ ਨਾਲ RDX ਬਾਰਮਦ ਹੋਇਆ ਸੀ।
ਫੜੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੰਦੂ (22) ਵਾਸੀ ਪਿੰਡ ਗੁੱਜਰਪੁਰਾ ਜ਼ਿਲ੍ਹਾ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਜਗਤਾਰ ਸਿੰਘ ਉਰਫ ਜੱਗਾ (40) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮ੍ਰਿਤਸਰ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਬਿੰਦੂ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਸਹਾਇਕ ਵਜੋਂ ਕੰਮ ਕਰਦਾ ਸੀ, ਜਦੋਂ ਕਿ ਜੱਗਾ ਮਜਦੂਰੀ ਦਾ ਕੰਮ ਕਰਦਾ ਸੀ ਅਤੇ ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ।