ਸ੍ਰੀ ਮੁਕਤਸਰ ਸਾਹਿਬ: ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸਥਿਤ ਵਾਟਰ ਵਰਕਸ ਦੀ ਟੈਂਕੀ 'ਤੇ ਚੜ੍ਹ ਕੇ ਔਰਤ ਵੱਲੋਂ ਰੇਤ ਮਾਫੀਆ ਅਤੇ ਪੁਲਿਸ ਵਧੀਕੀ ਵਿਰੁੱਧ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ ਕਰ ਰਹੀ ਸੀ, ਜਿਸ ਨੂੰ ਪੁਲਿਸ ਨੇ ਦੇਰ ਸ਼ਾਮ ਭਰੋਸਾ ਦੇ ਕੇ ਉਤਾਰਿਆ।
ਈਟੀਵੀ ਭਾਰਤ ਵੱਲੋਂ ਟੈਂਕੀ 'ਤੇ ਚੜ੍ਹੀ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਪਿੰਡ ਚੱਕ ਬਧਾਈ ਵਿੱਚ ਰੇਤਾ 9 ਰੁਪਏ ਪ੍ਰਤੀ ਘਣ ਫੁੱਟ ਦੀ ਥਾਂ 20 ਰੁਪਏ ਵੇਚੇ ਜਾਣ ਦੇ ਮਾਮਲੇ ਸਬੰਧੀ ਉਸਦੇ ਪਤੀ ਰਜਿੰਦਰ ਸਿੰਘ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ, ਜਿਸ ਨੂੰ ਲੈ ਕੇ ਖੱਡਾਂ ਚਲਾ ਰਹੇ ਠੇਕੇਦਾਰ ਦੇ ਕਰਿੰਦੇ ਮਨਿੰਦਰ ਸਿੰਘ ਮਨੀ ਬਰਾੜ ਅਤੇ ਬਲਦੇਵ ਸਿੰਘ ਨੇ ਉਸ ਦੇ ਪਤੀ ਵਿਰੁੱਧ ਪੁਲਿਸ ਕੋਲ ਦਰਖਾਸਤ ਦਿੱਤੀ ਕਿ ਇਹ ਵੀਡੀਓ ਜਾਣਬੁੱਝ ਕੇ ਉਨ੍ਹਾਂ ਦੇ ਵਿਰੁੱਧ ਪਾਈ ਗਈ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਰੇਤ ਮਾਫ਼ੀਆ ਅਤੇ ਪੁਲਿਸ ਵਧੀਕੀ ਵਿਰੁੱਧ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਔਰਤ ਦਰਖਾਸਤ ਪਿੱਛੋਂ ਪੁਲਿਸ ਲਗਾਤਾਰ ਉਸ ਦੇ ਪਤੀ ਨੂੰ ਰੇਤ ਮਾਫੀਆ ਨਾਲ ਮਿਲ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੀੜਤ ਔਰਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਘਰ ਵਾਲੇ ਵਿਰੁੱਧ ਦਰਖਾਸਤ ਨੂੰ ਰੱਦ ਕੀਤਾ ਜਾਵੇ ਅਤੇ ਰੇਤੇ ਦੀ ਸਰਕਾਰੀ ਰੇਟ 9 ਰੁਪਏ ਅਨੁਸਾਰ ਵੇਚ ਯਕੀਨੀ ਬਣਾਈ ਜਾਵੇ ਅਤੇ ਰੇਤ ਦੀ ਖੱਡ ਦੇ ਨਾਜਾਇਜ਼ ਤੌਰ 'ਤੇ ਚੱਲਣ ਬਾਰੇ ਵੀ ਜਾਂਚ ਕਰਵਾਈ ਜਾਵੇ।
ਦੂਜੇ ਪਾਸੇ, ਖੱਡ ਦੇ ਕਰਿੰਦੇ ਮਨਿੰਦਰ ਸਿੰਘ ਮਨੀ ਬਰਾੜ ਨੇ ਕਿਹਾ ਕਿ ਇਹ ਖੱਡ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ ਅਤੇ ਉਸ ਕੋਲ ਇਸ ਸਬੰਧੀ ਪ੍ਰਮਾਣ ਪੱਤਰ ਵੀ ਹੈ। ਇਸ ਦੇ ਸਬੂਤ ਡੀਸੀ ਤੇ ਐਸਡੀਐਮ ਸਮੇਤ ਮਾਈਨਿੰਗ ਵਿਭਾਗ ਕੋਲ ਵੀ ਪਏ ਹੋਏ ਹਨ। ਬਾਕੀ ਰੇਤਾ 20 ਰੁਪਏ ਦੀ ਗੱਲ ਬਾਰੇ ਉਸ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਹੈ।
ਉਧਰ, ਮਾਮਲੇ ਸਬੰਧੀ ਇੰਸਪੈਕਟਰ ਪ੍ਰੇਮ ਨਾਥ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਦੋਵੇਂ ਧਿਰਾਂ ਨੇ 4-5 ਦਿਨਾਂ ਦਾ ਸਮਾਂ ਲਿਆ ਹੈ। ਪੁਲਿਸ ਵੱਲੋਂ ਪ੍ਰੇਸ਼ਾਨ ਕਰਨ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਸਗੋਂ ਪੁਲਿਸ ਨੇ ਜਾਂਚ ਕਰਨੀ ਹੁੰਦੀ ਹੈ ਇਸ ਲਈ ਦਰਖਾਸਤ 'ਤੇ ਕਾਰਵਾਈ ਕੀਤੀ ਗਈ ਸੀ।