ਪੰਜਾਬ

punjab

By

Published : Dec 22, 2019, 7:41 PM IST

ETV Bharat / state

ਲੈਂਡ-ਸੈਂਡ ਤੇ ਹੋਰ ਮਾਫ਼ੀਆ ਦਾ ਜਨਮ ਦਾਤਾ ਖ਼ੁਦ ਅਕਾਲੀ ਦਲ: ਹਰਪਾਲ ਚੀਮਾ

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨਾ ਲਾਉਂਦਿਆਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਦੀ ਕੁਰਸੀ ਬਚਾਉਣ ਦੀ ਖ਼ਾਤਰ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ

ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਦੇ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਦੇ ਘਰ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ। ਜਿਸ 'ਚ ਕਈ ਆਪ ਆਗੂ ਹਾਜ਼ਰ ਸਨ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਵੀ ਪਹੁੰਚੇ। ਇਸ ਦੌਰਾਨ ਚੀਮਾ ਨੇ ਪੰਜਾਬ ਸਰਕਾਰ, ਬਾਦਲ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰੜੇ ਹੱਥੀ ਲਿਆ।

ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ

ਚੀਮਾ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ 'ਚੋਂ ਆਉਣ ਤੋਂ ਪਹਿਲਾ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਸਨ ਪਰ ਸੱਤਾ 'ਚ ਆਉਣ ਤੋਂ ਬਾਅਦ ਇੱਕ ਵੀ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੋਵਾਂ ਪਾਰਟੀਆਂ ਤੋਂ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹਨ ਅਤੇ ਲੋਕ ਹੁਣ ਆਮ ਆਦਮੀ ਪਾਰਟੀ ਵੱਲ ਤੱਕਣ ਲੱਗ ਪਏ ਹਨ।

ਚੀਮਾ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਸਭ ਤੋਂ ਮਹਿੰਗੀ ਬਿਜਲੀ ਲੈ ਰਹੇ ਹਨ, ਬੱਚੇ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ ਅਤੇ ਇਲਾਜ ਤੋਂ ਬਿਨ੍ਹਾਂ ਲੋਕ ਮਰ ਰਹੇ ਹਨ। ਪਰ ਇਸ ਪਾਸੇ ਕਾਂਗਰਸ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਕਰ ਦਿੱਤੇ ਗਏ ਹਨ।

ਇਸ ਦੌਰਾਨ ਉਨ੍ਹਾਂ ਆਖਿਆ ਕਿ ਸ਼ਹੀਦੀ ਜੋੜ ਮੇਲਿਆਂ 'ਤੇ ਅਕਾਲ ਤਖ਼ਤ ਵੱਲੋਂ ਦਿੱਤੇ ਫਰਮਾਨ ਤਹਿਤ ਉਹ ਮੇਲਾ ਮਾਘੀ 'ਤੇ ਸਿਆਸੀ ਕਾਨਫ਼ਰੰਸ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ 'ਚ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਮਾਘੀ ਮੌਕੇ ਪਾਰਟੀ ਵੱਲੋਂ ਕੀ ਕੀਤਾ ਜਾਣਾ ਹੈ, ਉਸ ਬਾਰੇ ਫੈਸਲਾ ਕੀਤਾ ਜਾਵੇਗਾ।

ਚੀਮਾ ਨੇ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨਾ ਲਾਉਂਦਿਆਂ ਆਖਿਆ ਕਿ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਦੀ ਕੁਰਸੀ ਬਚਾਉਣ ਦੀ ਖ਼ਾਤਰ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਹੁਣ ਖਾਲੀ ਦਲ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਟੀ ਸਿਰਫ਼ ਪਤੀ ਪਤਨੀ ਦੀ ਪਾਰਟੀ ਬਣ ਕੇ ਰਹਿ ਗਈ ਹੈ। ਉਨ੍ਹਾਂ ਆਖਿਆ ਕਿ ਲੈਂਡ-ਸੈਂਡ ਤੇ ਹੋਰ ਮਾਫ਼ੀਆ ਦਾ ਜਨਮ ਦਾਤਾ ਖ਼ੁਦ ਅਕਾਲੀ ਦਲ ਹੈ ਤੇ ਪੰਜਾਬ ਦੇ ਲੋਕਾਂ ਦੀ ਲੁੱਟ ਸੁਖਬੀਰ ਬਾਦਲ ਨੇ ਹੀ ਸ਼ੁਰੂ ਕੀਤੀ ਸੀ।

ਹਰਪਾਲ ਚੀਮਾ ਨੇ ਕਿਹਾ ਕਿ ਵਿੱਤ ਮੰਤਰੀ ਇੱਕ ਪਾਸੇ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪ ਰਹੇ ਹਨ ਤੇ ਦੂਜੇ ਪਾਸੇ ਵਿਧਾਇਕਾਂ ਨੂੰ ਨਵੀਂਆ ਗੱਡੀਆਂ ਤੇ ਉਨ੍ਹਾਂ ਦੇ ਪੈਨਸਨ ਭੱਤੇ 'ਚ ਵਾਧਾ ਕਰ ਰਹੇ ਹਨ। ਉਨ੍ਹਾਂ ਐਲਾਨ ਕਰਦਿਆਂ ਆਖਿਆ ਕਿ ਜਦੋਂ ਤੱਕ ਪੰਜਾਬ ਦੇ ਮਸਲੇ 'ਤੇ ਕੈਪਟਨ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਖ਼ੁਦ ਵੀ ਗੱਡੀ ਨਹੀਂ ਲੈਣਗੇ।

ABOUT THE AUTHOR

...view details