ਮਲੇਰਕੋਟਲਾ: ਭਾਵੇਂ ਕਿ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ, ਜਿਸਦੇ ਮੱਦੇਨਜ਼ਰ ਸਰਕਾਰਾਂ ਵੀ ਸਫ਼ਾਈ ਰੱਖਣ ਨੂੰ ਤਰਜੀਹ ਦੇ ਰਹੀਆਂ ਹਨ ਅਤੇ ਲੋਕਾਂ ਨੂੰ ਸਫਾਈ ਲਈ ਖਾਸ ਪ੍ਰਬੰਧ ਕਰਨ ਦੀ ਗੱਲ ਕਹਿ ਰਹੀ ਹੈ। ਇਸਦੇ ਉਲਟ ਨਗਰ ਕੌਂਸਲ ਮਲੇਰਕੋਟਲਾ ਸਫਾਈ ਪ੍ਰਬੰਧਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੀ ਹੈ, ਜਿਸ ਕਾਰਨ ਸ਼ਹਿਰ ਨਾਲ ਲਗਦੇ ਪਿੰਡ ਮਤੋਈ ਦੀ ਲਿੰਕ ਰੋਡ ਸ਼ਹਿਰ ਦੀ ਗੰਦਗੀ ਨਾਲ ਭਰੀ ਪਈ ਹੈ।
20 ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੀ ਗੰਦਗੀ ਬਣੀ ਬੀਮਾਰੀਆਂ ਦਾ ਘਰ, ਪ੍ਰਸ਼ਾਸਨ ਬੇਖ਼ਬਰ
ਮਲੇਰਕੋਟਲਾ ਦੇ ਮਤੋਈ ਪਿੰਡ ਦੇ ਰੋਡ 'ਤੇ ਗੰਦਗੀ ਆਸ-ਪਾਸ ਦੇ ਪਿੰਡਾਂ ਨੂੰ ਨਰਕ ਦਾ ਅਹਿਸਾਸ ਕਰਵਾ ਰਹੀ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਇੱਥੇ ਡੰਪ ਬਣਾਇਆ ਸੀ ਪਰ ਠੇਕਾ ਖਤਮ ਹੋਣ ਪਿੱਛੋਂ ਹੁਣ ਸੜਕ 'ਤੇ ਹੀ ਗੰਦਗੀ ਸੁੱਟੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਵੱਲੋਂ ਇੱਥੇ ਕੂੜਾ ਸੁੱਟਣ ਲਈ ਇੱਕ ਡੰਪ ਬਣਾਇਆ ਗਿਆ ਸੀ, ਪਰ ਠੇਕਾ ਖਤਮ ਹੋਣ ਤੋਂ ਬਾਅਦ ਨਗਰ ਕੌਂਸਲ ਹੁਣ ਸਾਰੀ ਗੰਦਗੀ ਸੜਕ 'ਤੇ ਹੀ ਸੁੱਟਣ ਲੱਗ ਪਈ ਹੈ, ਜਿਸ ਕਾਰਨ ਨੇੜੇ ਸਥਿਤ ਇੱਕ ਮਸਜਿਦ ਵਿੱਚ ਨਮਾਜ ਵੀ ਨਹੀਂ ਪੜ੍ਹੀ ਜਾਂਦੀ। ਇਹ ਲਿੰਕ ਰੋਡ ਗੰਦਗੀ ਕਾਰਨ ਨਰਕ ਦਾ ਰੂਪ ਧਾਰਨ ਕਰ ਗਈ ਹੈ। ਇਸਤੋਂ ਨਿਜਾਤ ਪਾਉਣ ਲਈ 10 ਪਿੰਡਾਂ ਦੀਆਂ ਪੰਚਾਇਤਾਂ ਹੁਣ ਇੱਕਠੀਆਂ ਹੋਈਆਂ ਹਨ।
ਇਸ ਸਬੰਧੀ ਤੇਜਾ ਸਿੰਘ ਸਰਪੰਚ ਨੇ ਦੱਸਿਆ ਕਿ ਮਲੇਰਕੋਟਲਾ ਸ਼ਹਿਰ ਦਾ ਸਾਰਾ ਕੂੜਾ ਕਰਕਟ ਇੱਥੇ ਬਣੇ ਡੰਪ ਵਿੱਚ ਸੁੱਟਿਆ ਜਾਂਦਾ ਹੈ। ਸ਼ਹਿਰ ਦੀ ਪੂਰੀ ਗੰਦਗੀ ਲਿਆ ਕੇ ਸੁੱਟੀ ਜਾਂਦੀ ਹੈ ਤੇ ਹੁਣ ਇਹ ਜਗ੍ਹਾ ਵੀ ਉੱਪਰ ਤੱਕ ਭਰ ਗਈ ਹੈ। ਹੁਣ ਡੰਪ ਭਰਨ ਕਰ ਕੇ ਨਗਰ ਕੌਂਸਲ ਦੇ ਕਰਮਚਾਰੀ ਸ਼ਹਿਰ ਦੀ ਸਾਰੀ ਗੰਦਗੀ ਡੰਪ ਦੇ ਬਾਹਰ ਸੜਕ 'ਤੇ ਸੁੱਟ ਜਾਂਦੇ ਹਨ। ਜਿੱਥੋਂ ਦੀ ਗੁਜ਼ਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਅਣਹੋਣੀ ਘਟਨਾ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ।
ਇਸ ਮੌਕੇ ਸੂਫੀ ਗਾਇਕ ਸਰਦਾਰ ਅਲੀ ਨੇ ਦੱਸਿਆ ਇਸ ਗੰਦਗੀ ਵਿਰੁੱਧ ਹੁਣ ਨਾਲ ਲੱਗਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋ ਗਈਆਂ ਹਨ ਅਤੇ ਸਥਾਨਕ ਲੋਕ ਵੀ ਇਕੱਠੇ ਹਨ। ਉਨ੍ਹਾਂ ਕਿਹਾ ਕਿ ਗੰਦਗੀ ਕਾਰਨ ਇਥੋਂ ਦੇ ਲੋਕਾਂ ਦਾ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਸੜਕ ਗੰਦੇ ਪਾਣੀ ਨਾਲ ਭਰੀ ਹੋਣ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਤੋਂ ਪਹਿਲਾਂ ਕਿ ਕੋਈ ਬੀਮਾਰੀ ਪੈਦਾ ਹੋ ਜਾਵੇ, ਇਸ ਡੰਪ ਨੂੰ ਛੇਤੀ ਹਟਾਇਆ ਜਾਵੇ।