ਮੋਹਾਲੀ: ਮੋਹਾਲੀ ਪੁਲਿਸ ਦੇ ਐਸਪੀ ਹਰਮਨ ਹਾਂਸ ਦੀ ਅਗਵਾਈ ਵਾਲੀ ਟੀਮ ਨੇ ਚੋਰਾਂ ਦੇ ਗਿਰੋਹ ਚੋਂ 5 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਜਾਣਕਾਰੀ ਦਿੰਦਿਆ ਐਸਪੀ ਹਰਮਨ ਹਾਂਸ ਨੇ ਦੱਸਿਆ ਕਿ ਗੈਂਗ ਦੇ ਪੰਜ ਮੈਂਬਰਾਂ ਨੂੰ ਨਾਜਾਇਜ਼ ਅਸਲਾ, 6 ਚੋਰੀਸ਼ੁਦਾ ਮੋਟਰਸਾਈਕਲ ਅਤੇ ਹੋਰ ਵੱਡੀ ਮਾਤਰਾ ਵਿੱਚ ਚੋਰੀ ਕੀਤਾ ਸਾਮਾਨ ਚਾਰ ਤੇਜ਼ ਧਾਰ ਹਥਿਆਰ, ਤਿੰਨ ਲੈਪਟਾਪ, 11 ਮੋਬਾਈਲ ਫੋਨ ਇਕ ਸੈਮਸੰਗ ਟੀਵੀ ਤੇ ਇੱਕ ਵੈਲਡਿੰਗ ਸੈੱਟ ਆਦਿ ਬਰਾਮਦ ਕੀਤਾ ਗਿਆ ਹੈ।
ਐਸਪੀ ਹਾਂਸ ਨੇ ਦੱਸਿਆ ਕਿ ਇਨ੍ਹਾਂ ਵਿਰੁੱਧ ਮੋਹਾਲੀ ਦੇ 8 ਨੰਬਰ ਥਾਣਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਚੋਰ ਗੈਂਗ ਦੇ ਮੈਂਬਰਾਂ ਦੀ ਪਛਾਣ ਰਣਜੀਤ ਸਿੰਘ ਬਲੌਂਗੀ ਨਰਿੰਦਰ ਸਿੰਘ ਵਾਸੀ ਖਰੜ, ਬਲਜਿੰਦਰ ਸਿੰਘ ਵਾਸੀ ਪਟਿਆਲਾ, ਸਤਨਾਮ ਸਿੰਘ ਵਾਸੀ ਪਟਿਆਲਾ, ਹਰਵਿੰਦਰ ਸਿੰਘ ਵਾਸੀ ਮੋਹਾਲੀ ਅਤੇ ਗੁਰਦਿੱਤਾ ਸਿੰਘ ਵਾਸੀ ਮੋਹਾਲੀ ਵਜੋਂ ਹੋਈ ਹੈ।
ਇਨ੍ਹਾਂ ਨੇ ਆਪਣੇ ਗੈਂਗ ਦਾ ਨੈਟਵਰਕ ਚੰਡੀਗੜ੍ਹ, ਮੋਹਾਲੀ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਖੇਤਰ ਵਿੱਚ ਫੈਲਾਇਆ ਹੋਇਆ ਸੀ ਜਿਨ੍ਹਾਂ ਦੇ ਨਿਸ਼ਾਨੇ 'ਤੇ ਕੋਠੀਆਂ, ਘਰਾਂ ਅਤੇ ਦੁਕਾਨਾਂ ਹੁੰਦੀਆਂ ਸਨ। ਉਨ੍ਹਾਂ ਦੱਸਿਆ ਕਿ ਇਹ ਗੈਂਗ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਚੱਲ ਰਿਹਾ ਸੀ। ਇਸ ਗੈਂਗ ਦੇ ਮੈਂਬਰਾਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਚੋਰੀ ਅਤੇ ਲੁੱਟਾਂ ਖੋਹਾਂ ਦੇ ਦਰਜ ਹਨ।
ਇਸ ਮੌਕੇ ਐਸਪੀ ਹਰਮਨ ਹਾਂਸ ਨੇ ਦੱਸਿਆ ਕਿ ਇਨ੍ਹਾਂ ਨੂੰ ਇੱਕ ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਉਸ ਸਮੇਂ ਰੇਡ ਕਰਕੇ ਗ੍ਰਿਫ਼ਤਾਰ ਕੀਤਾ ਜਦੋਂ ਇਹ ਇੱਕ ਹੋਰ ਨਵੀਂ ਚੋਰੀ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਗੈਂਗ ਦਾ ਇਕ ਮੈਂਬਰ ਫ਼ਰਾਰ ਹੈ, ਉਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਅੱਜ ਇਨ੍ਹਾਂ ਪੰਜਾਂ ਮੁਲਜ਼ਮਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ, ਤਾਂ ਜੋ ਇਨ੍ਹਾਂ ਤੋਂ ਪੁਛਗਿਛ ਕੀਤੀ ਜਾ ਸਕੇ ਕਿ ਹੋਰ ਇਨ੍ਹਾਂ ਦੇ ਨਾਲ ਕਿਹੜੇ ਕਿਹੜੇ ਮੈਂਬਰ ਸ਼ਾਮਲ ਹਨ ਅਤੇ ਹੋਰ ਇਨ੍ਹਾਂ ਨੇ ਕਿਹੜੀਆਂ ਕਿਹੜੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ, ਇਸ ਬਾਰੇ ਖੁਲਾਸੇ ਹੋ ਸਕਣ।
ਇਹ ਵੀ ਪੜ੍ਹੋ: ਕੇਂਦਰ 'ਚ ਭਾਜਪਾ ਨਾਲ ਗਠਜੋੜ ਤੋੜ ਇਮਾਨਦਾਰੀ ਸਾਬਤ ਕਰੇ ਅਕਾਲੀ ਦਲ: ਕੈਪਟਨ