ਰੂਪਨਗਰ :ਕੋਰੋਨਾ ਦੀ ਮਹਾਂਮਾਰੀ ਚੱਲਦਿਆਂ ਪੰਜਾਬ ਵਿੱਚ ਕਿਸਾਨਾਂ ਨੂੰ ਕਣਕ ਵੇਚਣ ਦੀ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਦੇ ਚੱਲਦੇ ਰੂਪਨਗਰ ਜ਼ਿਲ੍ਹੇ ਦੀ ਦਾਣਾ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਤੀਜਾ ਦਿਨ ਹੈ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕਿਸਾਨਾਂ ਅਤੇ ਆੜ੍ਹਤੀਆਂ ਵਾਸਤੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੀ ਗੱਲ ਆਖੀ ਗਈ ਸੀ।
ਰੂਪਨਗਰ 'ਚ ਕਣਕ ਦੀ ਖ਼ਰੀਦ ਦਾ ਤੀਜਾ ਦਿਨ, ਕਿਸਾਨਾਂ ਨੂੰ ਪੈਸਿਆਂ ਦੀ ਉਡੀਕ
ਰੂਪਨਗਰ ਦੀ ਦਾਣਾ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਵੇਚਣ ਆਏ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਰਕਾਰ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ ਪਰ ਉਨ੍ਹਾਂ ਨੂੰ ਆਪਣੇ ਕਣਕ ਦੀ ਤਨਖ਼ਾਹ ਦੀ ਉਡੀਕ ਹੈ।
ਇਹ ਪ੍ਰਬੰਧ ਕਿੰਨੇ ਕੁੰ ਕਾਰਗਰ ਸਿੱਧ ਹੋਏ ਇਹ ਜਾਣਨ ਲਈ ਈਟੀਵੀ ਭਾਰਤ ਦੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਹ ਆੜ੍ਹਤੀਆਂ ਵੱਲੋਂ ਦਿੱਤੇ ਟੋਕਨ ਰਾਹੀਂ ਰੋਜ਼ਾਨਾ ਆਪਣੀ ਕਣਕ ਲੈ ਕੇ ਆ ਰਹੇ ਹਨ ਜਿਸ ਤੋਂ ਬਾਅਦ ਨਾਲ ਹੀ ਕਣਕ ਦੀ ਸਫਾਈ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਨ੍ਹਾਂ ਦੀ ਕਣਕ ਦੀ ਖਰੀਦ ਕਰ ਲਈ ਜਾਂਦੀ ਹੈ।
ਸਰਕਾਰ ਅਤੇ ਪ੍ਰਸ਼ਾਸਨ ਦੇ ਕੀਤੇ ਇਹ ਸਾਰੇ ਪ੍ਰਬੰਧਾਂ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੀ ਅਦਾਇਗੀ ਵਾਸਤੇ ਉਨ੍ਹਾਂ ਆਪਣੇ ਬੈਂਕ ਖਾਤਿਆਂ ਦੀ ਜਾਣਕਾਰੀ ਸਰਕਾਰ ਨੂੰ ਮੁਹੱਈਆ ਕਰਵਾ ਦਿੱਤੀ ਹੈ, ਹੁਣ ਉਨ੍ਹਾਂ ਨੂੰ ਇੰਤਜ਼ਾਰ ਹੈ ਕਿ ਸਰਕਾਰ ਉਨ੍ਹਾਂ ਦੇ ਖਾਤਿਆਂ ਵਿੱਚ ਕਣਕ ਦੀ ਪੇਮੈਂਟ ਪਾ ਦੇਵੇ।