ਰੋਪੜ: ਰੋਪੜ ਸ਼ਹਿਰ 'ਚ ਸਰਸ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਇਸ ਮੇਲੇ 'ਚ ਜਿੱਥੇ ਰੋਜ਼ ਇੱਕ ਗਾਇਕ ਦਾ ਅਖ਼ਾੜਾ ਲੱਗਦਾ ਹੈ। ਉੱਥੇ ਹੀ ਇਸ ਮੇਲੇ 'ਚ ਵੱਖ-ਵੱਖ ਪ੍ਰਾਂਤਾਂ ਤੋਂ ਲੋਕ ਆ ਰਹੇ ਹਨ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਹੁਣ ਖੇਤਰੀ ਸਰਸ ਮੇਲੇ ਦੀ ਆਖ਼ਰੀ ਮਿਤੀ 6 ਅਕਤੂਬਰ ਤੋਂ ਵਧਾ ਕੇ 8 ਅਕਤੂਬਰ ਕਰ ਦਿੱਤੀ ਗਈ ਹੈ। ਇਲਾਕਾ ਨਿਵਾਸੀ ਹੁਣ ਇਸ ਸਰਸ ਮੇਲੇ ਦਾ ਆਨੰਦ 8 ਅਕਤੂਬਰ ਤੱਕ ਮਾਣ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਬਰਸਾਤ ਕਾਰਨ ਇਸ ਮੇਲੇ ਦੀ ਆਖ਼ਰੀ ਤਰੀਕ ਵਧਾਈ ਗਈ ਹੈ।
ਸਰਸ ਮੇਲੇ ਵਿੱਚ ਲੱਗੀਆਂ ਰੌਣਕਾਂ, ਜੋਗੀ ਰਾਜ ਦੀ ਬੀਨ ਬਣੀ ਅਕਰਸ਼ਣ ਦਾ ਕੇਂਦਰ
ਰੂਪਨਗਰ ਵਿੱਚ ਲੱਗੇ ਸਰਸ ਮੇਲੇ ਵਿੱਚ ਲੋਕਾਂ 'ਚ ਭਾਰੀ ਉਤਸ਼ਾਹ ਅਤੇ ਇੱਕ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਹੁਣ ਸਰਸ ਮੇਲੇ ਦੀ ਆਖਰੀ ਮਿਤੀ ਵੀ ਵਧਾ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਵਿੱਚ ਜਿਥੇ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤੀਆਂ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਉੱਥੇ ਹੀ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਸਭਿਆਚਾਰਕ ਪ੍ਰੋਗਰਾਮ ਕਾਰਨ ਭਾਰਤ ਦੇ ਵੱਖ-ਵੱਖ ਰਾਜ ਇੱਕ ਮੰਚ 'ਤੇ ਆ ਗਏ ਹਨ। ਇਸ ਮੰਚ 'ਤੇ ਇਲਾਕਾ ਨਿਵਾਸੀ ਭਾਰਤ ਦੀ ਵੱਖ-ਵੱਖ ਸੰਸਕ੍ਰਿਤ, ਰਹਿਣ-ਸਹਿਣ ਤੇ ਖਾਣ-ਪੀਣ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੋਏ ਹਨ। ਇਸ ਮੇਲੇ ਵਿੱਚ ਆਉਣ-ਜਾਣ ਵਾਲੇ ਲੋਕਾਂ ਲਈ ਜੋਗੀ ਰਾਜ ਕੁਮਾਰ ਦੀ ਬੀਨ ਅਕਰਸ਼ਣ ਦਾ ਕੇਂਦਰ ਬਣੀ ਹੋਈ ਹੈ। ਇਸ ਮੌਕੇ ਜੋਗੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਬੀਨ ਬਜਾ ਰਿਹਾ ਹੈ ਅਤੇ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਇਟਲੀ ਸਮੇਤ ਹੋਰ ਦੇਸ਼ਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
ਭਾਰਤੀ ਸਭਿਆਚਾਰ ਦਾ ਪ੍ਰਤੀਕ ਬਣੇ ਸਰਸ ਮੇਲੇ ਵਿੱਚ ਦੂਰ-ਦੂਰ ਤੋਂ ਆਏ ਦਸਤਕਾਰਾਂ ਤੇ ਸ਼ਿਲਪਕਾਰਾਂ ਦੀ ਕਲਾ ਦਾ ਹਰ ਕੋਈ ਕਾਇਲ ਹੈ। 22 ਰਾਜਾਂ ਦੀ ਸੰਸਕ੍ਰਿਤੀ ਤੇ 300 ਤੋਂ ਵੱਧ ਵੱਖ-ਵੱਖ ਰਾਜਾਂ ਦੀ ਪਰੰਪਰਾ ਨੂੰ ਦਰਸਾਉਂਦੇ ਸਟਾਲ ਤੋਂ ਹਰ ਕੋਈ ਕੁਝ ਨਾ ਕੁਝ ਖਰੀਦਦਾਰੀ ਕਰਨਾ ਚਾਹੁੰਦਾ ਹੈ, ਕਿਉਂਕਿ ਇਹੀ ਮੌਕਾ ਹੈ ਜਦ ਇੱਕ ਛੱਤ ਥੱਲੇ ਹੀ ਲੋਕਾਂ ਨੂੰ ਵੱਖ-ਵੱਖ ਰਾਜਾਂ ਨਾਲ ਜੁੜੀ ਹੱਥ ਤੋਂ ਬਣੀ ਕਲਾਕ੍ਰਿਤੀਆਂ ਆਸਾਨੀ ਨਾਲ ਉਪਲਬੱਧ ਹੋ ਰਹੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਮਰਦੀਪ ਸਿੰਘ ਗੁਜਰਾਲ ਨੇ ਕਿਹਾ ਕਿ ਖੇਤਰੀ ਸਰਸ ਮੇਲੇ ਦਾ ਮਕਸਦ ਹੀ ਲੋਕਾਂ ਨੂੰ ਉਨ੍ਹਾਂ ਦੀ ਪਰੰਪਰਾ ਤੇ ਸੰਸਕ੍ਰਿਤੀ ਨਾਲ ਜੋੜਨਾ ਹੈ। ਉਨਾਂ ਕਿਹਾ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਦੀਆਂ ਬਣੀਆਂ ਵਸਤਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜੋ- ਨਸ਼ਾ ਤਸਕਰਾਂ ਨਾਲ ਐਸਟੀਐਫ ਦੀ ਮੁਠਭੇੜ, ਹੈਰੋਇਨ ਤੇ ਅਸਲੇ ਸਣੇ 3 ਕਾਬੂ