ਰੂਪਨਗਰ:ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਮਕਸਦ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਝੋਨੇ ਦੇ ਇਸ ਸੀਜ਼ਨ ਵਿੱਚ ਕਿਸਾਨ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਨੂੰ ਬਚਾ ਸਕਦੇ ਹਨ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦੀ ਗੱਲ ਵੀ ਕਹੀ ਗਈ ਹੈ।
ਖੇਤੀਬਾੜੀ ਵਿਭਾਗ ਵੱਲੋਂ ਵੀ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਇਸ ਸੀਜ਼ਨ ਵਿੱਚ ਸਿੱਧੀ ਬਿਜਾਈ ਕਰਨ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਜਗ੍ਹਾ ਜਗ੍ਹਾ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਫ਼ਾਇਦੇ ਬਾਰੇ ਦੱਸਿਆ ਜਾ ਰਿਹਾ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਰੂਪਨਗਰ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਸੀਜ਼ਨ ਸ਼ੁਰੂ ਕਰਨ ਲਈ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਰਿਬਨ ਕੱਟਿਆ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਕਿਸਾਨ ਝੋਨੇ ਦੀ ਸਿੱਧੀ ਬਿਜਾਈ ਦਾ ਕਰ ਰਹੇ ਰੁਖ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੂ-ਵਿਗਿਆਨੀਆਂ ਵੱਲੋਂ ਇਹ ਵੀ ਅੰਦੇਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਜਮੀਨਦੋਜ਼ ਪਾਣੀ ਹੁਣ ਕੁਝ ਕੁ ਸਾਲਾਂ ਦਾ ਹੀ ਬਾਕੀ ਬਚਿਆ ਹੈ। ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾਉਣਾ ਹੈ ਤਾਂ ਕੱਦੂ ਨਾਲ ਝੋਨੇ ਦੀ ਬਿਜਾਈ ਤੋਂ ਪਾਸਾ ਵੱਟਣਾ ਹੀ ਪੈਣਾ ਹੈ। ਜ਼ਿਲ੍ਹਾ ਰੂਪਨਗਰ ਲਈ ਇਸ ਸਾਲ 16860 ਹੈਕ. ਸਿੱਧੀ ਬਿਜਾਈ ਨਾਲ ਝੋਨਾ ਬੀਜਣ ਦਾ ਟੀਚਾ ਮਿੱਥਿਆ ਗਿਆ ਹੈ।
ਖੇਤੀਬਾੜੀ ਅਫਸਰ ਅਮਰਜੀਤ ਨੇ ਦੱਸਿਆ ਕਿ ਇਸ ਸਿਲਸਿਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਪੂਰੀ ਗਰਮ ਜੋਸ਼ੀ ਨਾਲ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਿਹਾ ਹੈ ਕਿ ਝੋਨੇ ਦੀ ਤਰ-ਵਤਰ ਸਿੱਧੀ ਬਿਜਾਈ ਨਾਲ ਕੱਦੂ ਕੀਤੇ ਝੋਨੇ ਨਾਲੋਂ ਜਿੱਥੇ 15-20 ਫੀਸਦੀ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ, ਉੱਥੇ ਹੀ 10-12 ਫੀਸਦੀ ਮੀਂਹ ਦਾ ਪਾਣੀ ਮੀਂਹਾਂ ਦੀ ਰੁੱਤ ਵਿੱਚ ਹੇਠਾਂ ਰਿਸਦਾ ਹੈ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਰੀਚਾਰਜ ਕਰਦਾ ਹੈ। ਇਸਦੇ ਨਾਲ-ਨਾਲ ਇਸ ਵਿਧੀ ਨਾਲ ਬੀਜੇ ਝੋਨੇ ਉੱਤੇ ਕੀੜੇ ਮਕੋੜਿਆਂ ਅਤੇ ਬਿਮਾਰੀਆਂ ਦਾ ਹਮਲਾ ਤਾਂ ਘੱਟ ਹੁੰਦਾ ਹੀ ਹੈ। ਉੱਥੇ ਹੀ ਝੋਨੇ ਦੀ ਕਟਾਈ ਉਪਰੰਤ ਘੱਟ ਨਾੜ ਹੋਣ ਕਾਰਨ ਇਸ ਨੂੰ ਵੀ ਸੋਖੇ ਢੰਗ ਨਾਲ ਸਾਭਿਆ ਜਾ ਸਕਦਾ ਹੈ ਅਤੇ ਲੇਬਰ ਦੇ ਖਰਚੇ ਦੀ ਵੀ ਕਾਫੀ ਬਚਤ ਹੁੰਦੀ ਹੈ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਤੋਂ ਐਮਐਸਪੀ ’ਤੇ ਮੂੰਗੀ ਖਰੀਦੇਗੀ ਕੇਂਦਰ ਸਰਕਾਰ, ਸੀਐੱਮ ਮਾਨ ਨੇ ਕੀਤਾ ਧੰਨਵਾਦ