ਰੂਪਨਗਰ: 14 ਫਰਵਰੀ 2019 ਦਾ ਦਿਨ ਅੱਜ ਵੀ ਕੋਈ ਭੁਲਾ ਨਹੀਂ ਸਕਿਆ ਹੈ। ਇਸ ਦਿਨ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ 'ਚ ਸੀਆਰਪੀਐਫ਼ ਦੇ ਕਈ ਜਵਾਨ ਸ਼ਹੀਦ ਹੋਏ ਸੀ। ਇਸ ਹਮਲੇ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਬੈਠੇ ਭਾਰਤੀਆਂ ਨੂੰ ਵੀ ਝਿੰਜੋੜ ਕੇ ਰੱਖ ਦਿੱਤਾ ਸੀ। ਇਸ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੇ ਜ਼ਖਮ ਅੱਜ ਵੀ ਹਰੇ ਹਨ। ਇਸ ਦਿਨ ਨੂੰ ਯਾਦ ਕਰਦਿਆਂ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ਸ਼ਹੀਦ ਦੇ ਮਾਤਾ-ਪਿਤਾ ਦੀਆਂ ਅੱਜ ਵੀ ਅੱਖਾਂ ਨਮ
ਦੱਸ ਦਈਏ ਕਿ ਪੁਲਵਾਮਾ ਹਮਲੇ ’ਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਵੀ ਸ਼ਹੀਦ ਹੋ ਗਿਆ ਸੀ। ਸ਼ਹੀਦ ਕੁਲਵਿੰਦਰ ਆਪਣੇ ਮਾਪਿਆਂ ਦਾ ਇਕਲੌਤਾ ਚਿਰਾਗ ਸੀ। ਹੁਣ ਕੁਲਵਿੰਦਰ ਸਿੰਘ ਦੇ ਮਾਤਾ-ਪਿਤਾ ਇਕੱਲੇ ਜੀਵਨ ਬਤੀਤ ਕਰ ਰਹੇ ਹਨ। ਅੱਜ ਵੀ ਉਸ ਦੇ ਮਾਤਾ-ਪਿਤਾ ਉਸ ਦੀਆਂ ਯਾਦਾਂ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੇ ਹਨ। ਸ਼ਹੀਦ ਕੁਲਵਿੰਦਰ ਦੇ ਪਿਤਾ ਦਾ ਕਹਿਣਾ ਹੈ ਕਿ ਹੁਣ ਉਹ ਆਪਣੀਆਂ ਯਾਦਾਂ ਦੇ ਸਹਾਰੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੂੰ ਮਾਣ ਹੈ ਕਿ ਉਸ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋ ਗਿਆ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਉਹ ਉਸ ਦਾ ਇੱਕੋ ਇੱਕ ਦੀਵਾ ਸੀ, ਹੁਣ ਉਨ੍ਹਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੈ।