ਚੰਡੀਗੜ੍ਹ:ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ। ਸ਼ਰਧਾਲੂਆਂ ਦੀ ਸਹੂਲਤ ਲਈ ਸਮੁੱਚੇ ਪ੍ਰਬੰਧਾਂ ਦੀ ਸੁਚੱਜੀ ਯੋਜਨਾਬੰਦੀ ਉੱਤੇ ਅਮਲ ਯਕੀਨੀ ਬਣਾਉਣ ਲਈ ਸੀਐੱਮ ਮਾਨ ਨੇ ਸਮੀਖਿਆ ਮੀਟਿੰਗ ਕੀਤੀ । ਇਸ ਵਿਸ਼ਾਲ ਸਮਾਗਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸੋਮਵਾਰ ਨੂੰ ਇੱਥੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੋਲਾ-ਮਹੱਲਾ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਦੇ ਜੁਝਾਰੂ ਜਜ਼ਬੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਹੋਣ ਵਾਲੇ ਸਮਾਗਮਾਂ ਵਿੱਚ ਵੱਖ-ਵੱਖ ਵਰਗਾਂ ਦੇ ਸ਼ਰਧਾਲੂ ਭਾਰੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਸਹੂਲਤਾਂ ਮੁਹੱਈਆ: ਮੁੱਖ ਮੰਤਰੀ ਨੇ ਕਿਹਾ ਕਿ ਹਰ ਸਾਲ ਸੰਗਤਾਂ ਇਸ ਮੌਕੇ ਨੂੰ ਏਕੇ, ਭਾਈਚਾਰਕ ਸਾਂਝ ਅਤੇ ਸਹਿਣਸ਼ੀਲਤਾ ਨਾਲ ਮਨਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਟਰੈਫਿਕ ਪ੍ਰਬੰਧ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧ, ਠਹਿਰਨ ਦੀ ਵਿਵਸਥਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਭਗਵੰਤ ਮਾਨ ਨੇ ਸੁਚੱਜੀ ਵਿਉਂਤਬੰਦੀ ਅਤੇ ਇਸ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ।