ਰੂਪਨਗਰ:ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਰੂਪਨਗਰ ਨੇ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਵਾਪਿਸ ਲੈਣ ਦਾ ਫੈਸਲਾ ਲਿਆ ਹੈ। ਹੁਣ ਸਾਰੇ ਮੁਲਾਜ਼ਮ ਵੀਰਵਾਰ ਯਾਨੀ ਅੱਜ ਤੋਂ ਆਪਣੇ ਦਫਤਰਾਂ ਵਿੱਚ ਵਾਪਿਸ ਕੰਮਾਂ ਉੱਤੇ ਪਰਤ ਆਏ ਹਨ।
ਵਿਧਾਇਕ ਨੇ ਦਵਾਇਆ ਭਰੋਸਾ:ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ ਰੂਪਨਗਰ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਤਹਿਸੀਲਦਾਰ ਰੂਪਨਗਰ ਦੇ ਦਫਤਰ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ ਕਰਨ ਉੱਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਣ ਦੇ ਰੋਸ ਵਜੋਂ ਜ਼ਿਲ੍ਹੇ ਰੂਪਨਗਰ ਵਿਖੇ ਕਲਮਛੋੜ ਹੜਤਾਲ ਕੀਤੀ ਗਈ ਸੀ। ਜਿਸ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਸ ਸਬੰਧਤ ਵਿਧਾਇਕ ਵਲੋਂ ਸੋਸ਼ਲ ਮੀਡੀਆ ਵਿਖੇ ਵੀਡੀਓ ਅਪਲੋਡ ਕੀਤੀ ਗਈ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਜਥੇਬੰਦੀ ਵਲੋਂ ਸਹਿਮਤੀ ਪ੍ਰਗਟਾਈ ਹੈ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਜਥੇਬੰਦੀਆਂ ਵਲੋਂ ਆਪਣੀ ਕਲਮਛੋੜ ਹੜਤਾਲ ਵਾਪਿਸ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਦੇ ਸਾਰੇ ਮੁਲਾਜ਼ਮ ਆਪਣੇ ਦਫ਼ਤਰਾਂ ਵਿਖੇ ਡਿਊਟੀ ਨਿਭਾਉਣਗੇ।
ਇਹ ਸੀ ਮਾਮਲਾ: ਦਰਾਅਸਰ 18 ਜੁਲਾਈ ਨੂੰ ਵਿਧਾਇਕ ਦਿਨੇਸ਼ ਚੱਢਾ ਵੱਲੋਂ ਰੂਪਨਗਰ ਤਹਿਸੀਲ ਦਫ਼ਤਰ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮਾਮਲਾ ਗਰਮਾ ਗਿਆ ਸੀ। ਇਸ ਚੈਕਿੰਗ ਦੇ ਦੌਰਾਨ ਕਰਮਚਾਰੀਆਂ ਨੂੰ ਲਿਤਾੜ ਲਗਾਉਣ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਸੀ।