ਪਟਿਆਲਾ: ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੌਜੂਦਾ ਸਮੇਂ ਕਿਸਾਨਾਂ ਦੇ ਸੰਘਰਸ਼ ਦੇ ਹਾਲਾਤਾਂ ਨੂੰ ਵੇਖਦੇ ਹੋਏ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੀ ਥਾਂ 'ਤੇ ਸਹਿਯੋਗ ਦੇ ਕੇ ਖੇਤੀ ਕਾਨੂੰਨਾਂ ਵਿਰੁੱਧ ਇੱਕ ਮੰਚ, ਇੱਕ ਵਿਚਾਰ 'ਤੇ ਚੱਲਣ ਲਈ ਕਿਹਾ ਹੈ।
ਜਦੋਂ ਆਰਡੀਨੈਂਸ ਪਾਸ ਹੋ ਰਹੇ ਸਨ ਤਾਂ ਰਾਹੁਲ ਗਾਂਧੀ ਕਿੱਥੇ ਸੀ?: ਚੰਦੂਮਾਜਰਾ ਐਤਵਾਰ ਨੂੰ ਇੱਕ ਪ੍ਰੈਸ ਵਾਰਤਾ ਰਾਹੀਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮੌਜੂਦਾ ਸਮੇਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਪਈ ਹੋਈ ਹੈ ਉਪਰੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਮੁੱਦੇ 'ਤੇ ਉਲਝਾ ਕੇ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਕਿ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।
ਉਨ੍ਹਾਂ ਕਿਹਾ ਕਿ ਪਰਾਲੀ ਦੇ ਮੁੱਦੇ 'ਤੇ ਜਾਂ ਤਾਂ ਪੰਜਾਬ ਸਰਕਾਰ ਕਿਸਾਨਾਂ ਨੂੰ ਰਿਆਇਤ ਦੇਵੇ, ਕੇਸ ਦਰਜ ਨਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨ ਕਿਹੜੀ ਸਥਿਤੀ ਵਿੱਚੋਂ ਗੁਜਰ ਰਿਹਾ ਹੈ। ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਹੋਰ ਪੀੜਤ ਨਾ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਸਿਮਰਤ ਕੌਰ ਦੇ ਅਸਤੀਫ਼ੇ ਬਾਰੇ ਬਿਆਨਾਂ 'ਤੇ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਮੁੱਖ ਮੰਤਰੀ ਇਸ ਅਸਤੀਫ਼ੇ ਨੂੰ ਨਿੰਦਣ ਦੀ ਥਾਂ 'ਤੇ ਕਿਸਾਨ ਸੰਘਰਸ਼ ਵਿੱਚ ਅਕਾਲੀ ਦਲ ਦਾ ਸਾਥ ਦੇਣ ਕਿਉਂਕਿ ਅੱਜ ਹਰ ਇੱਕ ਜਥੇਬੰਦੀ ਇਸ ਸੰਘਰਸ਼ ਵਿੱਚ ਸਾਥ ਦੇ ਰਹੀ ਹੈ।
ਰਾਹੁਲ ਗਾਂਧੀ ਦੇ ਦੌਰੇ ਬਾਰੇ ਪ੍ਰੋ. ਚੰਦੂਮਾਜਰਾ ਨੇ ਚੁਟਕੀ ਲੈਂਦਿਆਂ ਕਿਹਾ ਕਿ 'ਉਲਟਾ ਬਾਂਸ ਬਰੇਲੀ ਨੂੰ'। ਉਨ੍ਹਾਂ ਕਿਹਾ ਕਿ ਸਾਰੇ ਲੋਕ ਤਾਂ ਦਿੱਲੀ ਨੂੰ ਜਾ ਰਹੇ ਹਨ ਪਰੰਤੂ ਰਾਹੁਲ ਗਾਂਧੀ ਪੰਜਾਬ ਵੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਦੱਸਣਾ ਪਵੇਗਾ ਕਿ ਜਦੋਂ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਕਾਨੂੰਨ ਬਣਾਇਆ ਜਾ ਰਿਹਾ ਸੀ ਤਾਂ ਉਹ ਕਿੱਥੇ ਸੀ?
ਅਕਾਲੀ ਦਲ ਦੇ ਕਿਸਾਨ ਮਾਰਚ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਚੰਡੀਗੜ੍ਹ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਅਤੇ ਉਨ੍ਹਾਂ ਉਪਰ ਪਾਣੀ ਦੀਆਂ ਬੁਛਾੜਾਂ ਛੱਡੀਆਂ ਗਈਆਂ, ਜਿਸ ਵਿੱਚ ਉਨ੍ਹਾਂ ਦੇ ਸੱਟਾਂ ਵੀ ਲੱਗੀਆਂ ਪਰ ਉਹ ਕਿਸਾਨਾਂ ਦੇ ਹੱਕ ਵਿੱਚ ਖੜੇ ਰਹੇ। ਅੱਗੇ ਵੀ ਜੇਕਰ ਦਿੱਲੀ ਜਾਣਾ ਪਿਆ ਤਾਂ ਦਿੱਲੀ ਵੀ ਜਾਵਾਂਗੇ ਅਤੇ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਦੇ ਰਹਾਂਗੇ।
ਕਿਸਾਨਾਂ ਦੇ ਸੰਘਰਸ਼ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਜਮਹੂਰੀ ਤਰੀਕੇ ਨਾਲ ਸੰਘਰਸ਼ ਕੀਤਾ ਹੈ ਅਤੇ ਕਦੇ ਵੀ ਹਿੰਸਾ ਦਾ ਰਾਹ ਅਖਤਿਆਰ ਨਹੀਂ ਕੀਤਾ ਹੈ। ਇਸ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਜਮਹੂਰੀ ਤੇ ਰਵਾਇਤੀ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਜ਼ਿੰਮੇਵਾਰੀ ਨਾਲ ਨਿਭਾਉਣਗੀਆਂ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।