ਪਠਾਨਕੋਟ: ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਨਹੀਂ ਰੁਕ ਰਹੇ ਹਨ। ਪੰਜਾਬ ਵਿੱਚ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੇ ਕਰੀਬ 15 ਹਜ਼ਾਰ ਮਾਮਲੇ ਸਾਹਮਣੇ ਆ ਗਏ ਹਨ, ਪਰ ਪਠਾਨਕੋਟ ਵਿੱਚ ਹੁਣ ਤੱਕ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਸੂਬੇ ਵਿੱਚ ਪਰਾਲੀ ਸਾੜਨ ਦੇ 15,000 ਮਾਮਲੇ ਪਰ ਪਠਾਨਕੋਟ ਸਭ ਤੋਂ ਵੱਖਰਾ
ਸੂਬੇ ਵਿੱਚ ਸੈਟੇਲਾਈਟ ਰਾਹੀਂ ਪਰਾਲੀ ਸਾੜਨ ਦੇ ਕਰੀਬ 15 ਹਜ਼ਾਰ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਪਠਾਨਕੋਟ ਵਿੱਚ ਹੁਣ ਤੱਕ ਪਰਾਲੀ ਸਾੜਨ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਵਿੱਚ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਖੇਤਾਂ ਵਿੱਚ ਵਾਹ ਕੇ ਫਿਰ ਪਸ਼ੂਆਂ ਦੇ ਚਾਰੇ ਦੇ ਲਈ ਇਸਤੇਮਾਲ ਕਰਦੇ ਹਨ। ਇਸ ਨਾਲ ਜ਼ਮੀਨ ਵੀ ਉਪਜਾਊ ਹੋ ਰਹੀ ਹੈ ਤੇ ਪਸ਼ੂਆਂ ਲਈ ਚਾਰਾ ਵੀ ਮਿਲ ਰਿਹਾ ਹੈ। ਇੰਨਾਂ ਹੀ ਨਹੀਂ ਉਹ ਪਰਾਲੀ ਨੂੰ ਵੇਚ ਕੇ ਵੱਧ ਮੁਨਾਫ਼ਾ ਵੀ ਕਮਾ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਦੂਜੇ ਪਿੰਡ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੀ ਅਪੀਲ ਕੀਤੀ।
ਉੱਥੇ ਹੀ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪਠਾਨਕੋਟ ਵਿੱਚ ਪ੍ਰਦੂਸ਼ਣ ਵੀ ਘੱਟਿਆ ਤੇ ਪਰਾਲੀ ਸਾੜਨ ਦਾ ਮਾਮਲਾ ਵੀ ਨਹੀਂ ਸਾਹਮਣੇ ਆਇਆ।