ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ ਜ਼ਿਲ੍ਹੇ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਧੰਨਾ ਸਿੰਘ ਦੀ ਮੌਤ ਹੋ ਗਈ ਸੀ। ਐਤਵਾਰ ਨੂੰ ਕਿਸਾਨ ਧੰਨਾ ਸਿੰਘ ਦੀ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਹੋਈ, ਜਿਸ ਦੌਰਾਨ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਦਾ ਸਾਂਝਾ ਕੀਤਾ।
ਉੱਧਰ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮਾਲੀ ਮਦਦ ਦੇਣ ਲਈ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਧੰਨਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਅਤੇ ਪਰਿਵਾਰ ਨੂੰ 5 ਲੱਖ ਦਾ ਰੁਪਏ ਦਾ ਚੈੱਕ ਅਤੇ ਪਿੰਡ ਵਾਸੀਆਂ ਵੱਲੋਂ ਰੱਖੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ।
ਪੰਜਾਬ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦੀ ਵਿੱਤੀ ਮਦਦ ਦਿੱਤੀ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ ਅਤੇ ਪੰਜਾਬ ਸਰਕਾਰ ਨੇ ਐਮਐਸਪੀ ਨੂੰ ਲੈ ਕੇ ਇੱਕ ਕਾਨੂੰਨ ਵੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਧੰਨਾ ਸਿੰਘ ਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ ਸੀ, ਜਿਸ ਦੀ ਅੱਜ ਅੰਤਿਮ ਅਰਦਾਸ ਮੌਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 5 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਗਈ ਹੈ ਅਤੇ ਪਿੰਡ ਦੀ ਮੰਗ ਅਨੁਸਾਰ ਸਕੂਲ ਨੂੰ ਅਪਗਰੇਡ ਕਰਨ ਅਤੇ ਇੱਕ ਸੜਕ ਬਣਾਉਣ ਲਈ ਵੀ ਪੰਜਾਬ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਨਾਲ ਹੀ ਸੰਘਰਸ਼ ਦੌਰਾਨ ਪਿੰਡ ਦੇ ਜ਼ਖ਼ਮੀ ਹੋਏ ਜਗਤਾਰ ਸਿੰਘ ਅਤੇ ਬਲਕਾਰ ਸਿੰਘ ਦੀ ਵੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ।