ਮਾਨਸਾ:ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਵਿਖੇ ਦੋ ਧਿਰਾਂ 'ਚ ਖੇਤ ਨੂੰ ਪਾਣੀ ਲਾਉਣ ਨੂੰ ਲੈ ਕੇ ਝਗੜਾ ਹੋ ਗਿਆ। ਜਿਸ 'ਚ ਖੂਨ ਦੇ ਰਿਸ਼ਤੇ ਪਾਣੀ ਹੋ ਗਏ ਅਤੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਫਾਇਰਿੰਗ 'ਚ ਚਾਰ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ ਹਨ।
ਖੂਨ ਦੇ ਰਿਸ਼ਤੇ ਹੋਏ ਪਾਣੀ, ਚੱਲੀਆਂ ਗੋਲੀਆਂ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿਨ੍ਹਾਂ 'ਚੋਂ ਦੋ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਜਦੋਂਕਿ ਦੋ ਲੋਕਾਂ ਦਾ ਇਲਾਜ ਸਥਾਨਕ ਹਸਪਤਾਲ 'ਚ ਹੀ ਚੱਲ ਰਿਹਾ ਹੈ। ਇਸ ਨੂੰ ਲੈਕੇ ਮਾਨਸਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਪਿੰਡ ਖਿਆਲਾ ਵਿਖੇ ਖੇਤ ਨੂੰ ਪਾਣੀ ਲਾਉਣ ਦੇ ਕਾਰਨ ਦੋ ਧਿਰਾਂ ਵਿੱਚ ਜੰਮ ਕੇ ਫਾਇਰਿੰਗ ਹੋਈ। ਜਿਸ 'ਚ ਇੱਕ ਧਿਰ ਦੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਦੋਂ ਕਿ ਦੂਸਰੀ ਧਿਰ ਦਾ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।
ਪੀੜ੍ਹਤ ਪੱਖ ਦੇ ਲੋਕਾਂ ਨੇ ਦੱਸਿਆ ਕਿ ਦੋਨੋਂ ਧਿਰਾਂ ਦਾ ਲੰਮੇ ਸਮੇਂ ਤੋਂ ਖੇਤ ਵਿਚ ਪਾਣੀ ਲਾਉਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਦਾ ਕਈ ਵਾਰ ਪਿੰਡ ਦੀ ਪੰਚਾਇਤ ਨੇ ਸਮਝੌਤਾ ਵੀ ਕਰਵਾਇਆ ਸੀ, ਪਰ ਅੱਜ ਖੇਤ ਵਿੱਚ ਪਾਣੀ ਲੱਗਣਾ ਸੀ ਤਾਂ ਦੂਸਰੇ ਗੁੱਟ ਨੇ ਆ ਕੇ ਅਚਾਨਕ ਫਾਇਰਿੰਗ ਕਰ ਦਿੱਤੀ। ਜਿਸ ਵਿੱਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਦੂਸਰੇ ਪਾਸੇ ਮਾਨਸਾ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਚਾਰ ਜ਼ਖ਼ਮੀ ਵਿਅਕਤੀ ਆਏ ਹਨ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ ਦੋ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਨ੍ਹਾਂ ਨੂੰ ਦੂਸਰੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦੋਂ ਕਿ ਦੋ ਵਿਅਕਤੀਆਂ ਦੀ ਹਾਲਤ ਜੇਕਰ ਖ਼ਰਾਬ ਹੋਈ ਤਾਂ ਉਨ੍ਹਾਂ ਨੂੰ ਵੀ ਰੈਫਰ ਕਰ ਦਿੱਤਾ ਜਾਵੇਗਾ। ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਵੇਖੋ, ਅਕਾਲੀ ਆਗੂ ਕਤਲ ਮਾਮਲੇ 'ਚ ਸੀਸੀਟੀਵੀ ਵੀਡੀਓ