ਲੁਧਿਆਣਾ:ਸੂਬੇ ਵਿੱਚ ਲੁੱਟ ਖੋਹ ਅਤੇ ਅਪਰਾਧਿਕ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਲੁਧਿਆਣਾ ਦੇ ਝੁੱਡੂ ਚੌਕ ’ਚ ਉਸ ਵੇਲੇ ਇਕ ਵੱਡੀ ਘਟਨਾ ਵਾਪਰ ਗਈ ਜਦੋਂ ਦੋ ਹਥਿਆਰਬੰਦ ਨੌਜਵਾਨ ਐਸਯੂਵੀ ਫਾਰਚੂਨਰ ਕਾਰ ਬੰਦੂਕ ਦੀ ਨੋਕ ’ਤੇ ਲੈ ਕੇ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਘਟਨਾ ਨੂੰ ਲੈਕੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਾਹ ਹੈ। ਇਸ ਘਟਨਾਂ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ।
ਪੀੜਤ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਦੁਕਾਨ ’ਤੇ ਬੈਠਾ ਸੀ ਜਦੋਂ ਪਹਿਲਾਂ ਉਸ ਨੂੰ ਆਵਾਜ਼ ਦੇ ਕੇ ਨੌਜਵਾਨਾਂ ਨੇ ਬੁਲਾਇਆ ਅਤੇ ਫਿਰ ਦੋਵਾਂ ਨੇ ਪਿਸਤੌਲ ਕੱਢ ਲਏ ਅਤੇ ਉਸ ’ਤੇ ਤਾਣ ਦਿੱਤੀ ਜਿਸ ਤੋਂ ਬਾਅਦ ਉਸ ਦੇ ਭਰਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮੁਲਜ਼ਮਾਂ ਨੇ ਵੇਖਿਆ ਕਿ ਗੱਡੀ ਦੀ ਚਾਬੀ ਗੱਡੀ ਵਿੱਚ ਲੱਗੀ ਹੋਈ ਹੈ ਜਿਸਦਾ ਮੌਕੇ ਦਾ ਫਾਇਦਾ ਚੁੱਕ ਕੇ ਉਹ ਗੱਡੀ ਲੈ ਕੇ ਫਰਾਰ ਹੋ ਗਏ। ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਇਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਨੌਜਵਾਨ ਭੱਜਦਾ ਹੋਇਆ ਵਿਖਾਈ ਦੇ ਰਿਹਾ ਹੈ।