ਲੁਧਿਆਣਾ :ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ ਪੁਲਿਸ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਇਹ ਕੈਮਰੇ ਪਖਾਨਿਆਂ ਨੂੰ ਛੱਡ ਕੇ ਪੁਲਿਸ ਸਟੇਸ਼ਨਾਂ ਨੂੰ ਪੂਰੀ ਤਰਾਂ ਨਾਲ ਕਵਰ ਕਰਨਗੇ। ਇਸਦੇ ਨਾਲ ਹੀ ਪੁਲਿਸ ਸਟੇਸ਼ਨ ਦੇ ਐਂਟਰੀ ਪੁਆਇੰਟ ਤੋਂ ਲੈ ਕੇ ਮੁੱਖ ਤਫ਼ਤੀਸ਼ ਅਫਸਰ ਦੇ ਕਮਰੇ ਦੇ ਵਿੱਚ ਵੀ ਹੁਣ ਕੈਮਰੇ ਲਗਾਏ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਡੀਜੀਪੀ ਪੱਧਰ ਉੱਤੇ ਅਫਸਰਾਂ ਅਤੇ ਸਥਾਨਕ ਪੱਧਰ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਹੋਵੇਗੀ, ਜਿਸਦਾ ਉਹ ਦੋ ਸਾਲ ਤੱਕ ਦਾ ਰਿਕਾਰਡ ਰੱਖਣਗੇ।
ਤੁਰੰਤ ਪ੍ਰਭਾਵ ਨਾਲ ਲਾਉਣ ਦੇ ਹੁਕਮ: ਸੁਪਰੀਮ ਕੋਰਟ ਵੱਲੋਂ ਇਹ ਕੈਮਰੇ ਪੁਲਿਸ ਸਟੇਸ਼ਨਾਂ ਉੱਤੇ ਨਜਰ ਰੱਖਣ ਲਈ ਤੁਰੰਤ ਪ੍ਰਭਾਵ ਦੇ ਨਾਲ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 15 ਦਿਨ ਦੇ ਵਿੱਚ ਕੈਮਰੇ ਲਾਉਣ ਵਾਲੀਆਂ ਕੰਪਨੀਆਂ ਦੇ ਨਾਲ ਰਾਬਤਾ ਕਰ ਕੇ ਇਹ ਕੈਮਰੇ ਲਗਾਉਣੇ ਹੋਣਗੇ। ਇਹ ਕੈਮਰੇ ਦੂਰ ਤੋਂ ਵੀ ਰਿਕਾਰਡਿੰਗ ਕਰ ਸਕਣਗੇ। ਪੁਲਿਸ ਦੇ ਸੀਨੀਅਰ ਅਧਿਕਾਰੀ ਵਿਸ਼ੇਸ਼ ਕੰਟਰੋਲ ਰੂਮ ਦੇ ਵਿੱਚ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਕਰਨਗੇ। ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਿੱਥੇ ਕਿੱਥੇ ਲੱਗਣਗੇ ਕੈਮਰੇ:ਪੁਲਿਸ ਸਟੇਸ਼ਨ ਵਿੱਚ ਮੌਜੂਦ ਪਖਾਨਿਆਂ ਨੂੰ ਛੱਡ ਕੇ ਹਰ ਥਾਂ ਤੇ ਕੈਮਰੇ ਲਾਉਣੇ ਲਾਜ਼ਮੀ ਹੋਣਗੇ। ਪੁਲਿਸ ਸਟੇਸ਼ਨ ਦੀ ਐਂਟਰੀ ਪੁਆਇੰਟ ਤੋਂ ਲੈ ਕੇ ਮੁਖ ਅਧਿਕਾਰੀ ਦੇ ਕਮਰੇ ਦੇ ਵਿਚ ਸ਼ਿਕਾਇਤ ਦਰਜ ਕਰਨ ਵਾਲੇ ਅਫਸਰ ਦੇ ਕਮਰੇ ਦੇ ਵਿਚ ਇਸ ਤੋਂ ਇਲਾਵਾ ਹਵਾਲਾਤ ਦੇ ਬਾਹਰ ਵੀ ਇਹ ਕੈਮਰੇ ਲਗਾਏ ਜਾਣਗੇ ਤਾਂ ਕੰਟਰੋਲ ਰੂਮ ਤੋਂ ਇਨ੍ਹਾਂ ਕੈਮਰਿਆਂ ਤੇ ਨਜ਼ਰਸਾਨੀ ਹੋ ਸਕੇਗੀ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਦੇ ਚਾਰ ਚੁਫੇਰੇ ਵੀ ਇਨ੍ਹਾਂ ਕੈਮਰਿਆਂ ਦੀ ਨਜਰ ਹੋਵੇਗੀ। ਵੀਡੀਓ ਦੇ ਨਾਲ ਆਡੀਓ ਵੀ ਇਸ ਦੇ ਵਿੱਚ ਰਿਕਾਰਡ ਹੋਵੇਗੀ, ਜੇਕਰ ਕੋਈ ਸ਼ਿਕਾਇਤਕਰਤਾ ਸ਼ਿਕਾਇਤ ਲੈ ਕੇ ਆਉਂਦਾ ਹੈ ਤਾਂ ਤਫਤੀਸ਼ੀ ਅਫ਼ਸਰ ਉਸ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਇਸ ਦੀ ਵੀ ਲਿਖਾਰੀ ਹੋਵੇਗੀ।