ਲੁਧਿਆਣਾ: ਮਨਪ੍ਰੀਤ ਦਾ ਮੋਟਰਸਾਇਕਲ ਜਨਵਰੀ ਮਹੀਨੇ ਵਿੱਚ ਚੋਰੀ ਹੋਇਆ ਸੀ ਜਿਸ ਸਬੰਧੀ ਉਸ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਮਨਪ੍ਰੀਤ ਨੇ ਖ਼ੁਦ ਹੀ ਮੋਟਰਸਾਈਕਲ ਲੱਭ ਲਿਆ ਤਾਂ ਇਸ ਮੋਟਰਸਾਈਕਲ ਦੀ ਸਪੁਰਦਗੀ ਦੇ ਨਾਂਅ 'ਤੇ ਏਐੱਸਆਈ ਮਲਕੀਤ ਸਿੰਘ ਸਣੇ 2 ਹੋਰ ਮੁਲਜ਼ਮਾਂ ਨੇ 10 ਹਜ਼ਾਰ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਤੋਂ ਬਾਅਦ ਇਹ ਮਾਮਲਾ 5 ਹਜ਼ਾਰ 'ਚ ਸੈੱਟ ਹੋ ਗਿਆ।
ਮਨਪ੍ਰੀਤ ਨੇ ਰਿਸ਼ਵਤ ਮੰਗਣ ਦੀ ਸ਼ਿਕਾਇਤ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਨੂੰ ਕੀਤੀ ਅਤੇ ਬੈਂਸ ਨੇ ਫਿਰ ਲਾਈਵ ਹੋ ਕੇ ਰਿਸ਼ਵਤਖ਼ੋਰ ਪੁਲਿਸ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ।
ਸ਼ਿਕਾਇਤਕਰਤਾ ਮਨਪ੍ਰੀਤ ਨੇ ਦੱਸਿਆ ਕਿ ਕਿਵੇਂ ਉਸ ਤੋਂ ਮੋਟਰਸਾਈਕਲ ਸਪੁਰਦਗੀ ਲਈ 10 ਹਜ਼ਾਰ ਮੰਗਿਆ ਅਤੇ 5 ਹਜ਼ਾਰ 'ਚ ਗੱਲ ਫ਼ਾਈਨਲ ਹੋਈ ਇਸ ਤੋਂ ਬਾਅਦ ਉਸ ਨੇ 2000 ਰੁਪਏ ਮੁਨਸ਼ੀ ਅਵਤਾਰ ਸਿੰਘ ਅਤੇ ਕਾਂਸਟੇਬਲ ਜਸਵੰਤ ਸਿੰਘ ਨੂੰ ਦਿੱਤੇ। ਉਸ ਨੇ ਇਨ੍ਹਾਂ ਨੰਬਰਾਂ ਦੀ ਲਿਸਟ ਵੀ ਉਨ੍ਹਾਂ ਨੇ ਬਣਾਈ ਜੋ ਮੁਨਸ਼ੀ ਦੀ ਜੇਬ੍ਹ 'ਚੋਂ ਬਰਾਮਦ ਕੀਤੇ।