ਸਰਕਾਰ 'ਤੇ ਵਰ੍ਹੇ ਸੁਨੀਲ ਜਾਖੜ ਲੁਧਿਆਣਾ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੀ ਲੁਧਿਆਣਾ ਲੀਡਰਸ਼ਿਪ ਦੇ ਨਾਲ ਗੱਲਬਾਤ ਕੀਤੀ। ਉੱਥੇ ਹੀ ਮੁਲਾਕਾਤ ਤੋਂ ਬਾਅਦ ਉਹਨਾਂ ਵੱਲੋਂ ਪ੍ਰੈਸ ਨੂੰ ਸੰਬੋਧਿਤ ਕੀਤਾ ਗਿਆ ਤੇ ਪੰਜਾਬ ਦੇ ਇਲਾਕਿਆਂ ਦੇ ਅੰਦਰ ਕਿਸਾਨਾਂ ਨੂੰ ਕੋਈ ਵੀ ਮੁਆਵਜਾ ਨਾ ਦੇਣ ਦਾ ਮੁੱਦਾ ਚੁੱਕਿਆ ਗਿਆ।
ਕਿਸਾਨਾਂ ਨੂੰ ਨਹੀਂ ਮਿਲਿਆ ਮੁਆਵਜ਼ਾ: ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਗਿਰਦਾਵਰੀ ਕਰਨ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 20-20 ਹਜ਼ਾਰ ਰੁਪਏ ਦਿੱਲੀ ਸਰਕਾਰ ਦੀ ਤਰਜ 'ਤੇ ਮੁਆਵਜ਼ੇ ਵਜੋਂ ਦਿੱਤੇ ਜਾਣਗੇ, ਪਰ ਕਿਸਾਨਾਂ ਦੇ ਖਾਤੇ ਦੇ ਵਿੱਚ ਇੱਕ ਰੁਪਇਆ ਤੱਕ ਨਹੀਂ ਆਇਆ। ਸੁਨੀਲ ਜਾਖੜ ਨੇ ਕਿਹਾ ਕਿ 9 ਜੁਲਾਈ ਨੂੰ ਹੜ੍ਹ ਆਇਆ ਸੀ ਅਤੇ ਇਕ ਮਹੀਨਾ ਪੂਰਾ ਹੋ ਚੱਲਿਆ ਹੈ।
ਗੈਂਗਸਟਰਾਂ ਲਈ ਪੰਜਾਬ ਦੀਆਂ ਜੇਲ੍ਹਾਂ ਸਵਰਗ:ਇਸ ਮੌਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਚੱਲ ਰਹੇ ਗੈਂਗਸਟਰਾਂ ਦੇ ਨੈੱਟਵਰਕ ਦੀ ਗੱਲ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਗੈਂਗਸਟਰਾਂ ਲਈ ਪੰਜਾਬ ਦੀਆਂ ਜੇਲ੍ਹਾਂ ਸਵਰਗ ਬਣੀਆਂ ਹੋਈਆਂ ਹਨ। ਉਹ ਉੱਥੋਂ ਹੀ ਆਪਣਾ ਸਾਰਾ ਨੈੱਟਵਰਕ ਚਲਾ ਰਹੇ ਹਨ ਅਤੇ ਹੁਣ ਕਾਰੋਬਾਰੀਆਂ ਨੂੰ ਨਹੀਂ ਸਗੋਂ ਕਰਿਆਨੇ ਦੀ ਦੁਕਾਨ ਚਲਾਉਣ ਵਾਲਿਆਂ ਨੂੰ ਵੀ ਫਿਰੌਤੀ ਲਈ ਫ਼ੋਨ ਆ ਰਹੇ ਹਨ। ਜਾਖੜ ਦਾ ਕਹਿਣਾ ਕਿ ਆਮ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਇਥੋਂ ਤੱਕ ਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਯੋਜਨਾ:ਸੁਨੀਲ ਜਾਖੜ ਨੇ ਅਗਾਮੀ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਪਾਸ ਕੀਤੇ ਗਏ ਨਕਸ਼ੇ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਹਨ। ਜਾਖੜ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਮੁਤਾਬਕ ਵਾਰਡ ਬੰਦੀ ਕੀਤੀ ਗਈ ਹੈ,ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਇਸਦੇ ਖਿਲਾਫ ਅਸੀਂ ਕਾਨੂੰਨੀ ਲੜਾਈ ਲੜਾਂਗੇ।
ਰਾਜਪਾਲ ਨਾਲ ਮਤਭੇਦ ਦੂਰ ਕਰਨੇ ਚਾਹੀਦੇ: ਸੁਨੀਲ ਜਾਖੜ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਚੱਲ ਰਹੀ ਖਾਨਾ ਜੰਗੀ ਨੂੰ ਲੈ ਕੇ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਉਨ੍ਹਾਂ ਨਾਲ ਮਿਲ ਕੇ ਜੋ ਵੀ ਮਤਭੇਦ ਹਨ, ਉਹਨਾਂ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਜੇਕਰ ਰਾਜਪਾਲ ਸਾਡੇ ਵਰਗਿਆਂ ਨੂੰ ਮਿਲ ਸਕਦੇ ਹਨ ਤਾਂ ਉਹਨਾਂ ਨੂੰ ਕਿਉਂ ਨਹੀਂ ਮਿਲਣਗੇ। ਸੁਨੀਲ ਜਾਖੜ ਨੇ ਪੰਜਾਬ ਦੇ ਹੋਰ ਮੁੱਦਿਆਂ 'ਤੇ ਵੀ ਪੰਜਾਬ ਸਰਕਾਰ ਨੂੰ ਘੇਰਿਆ। ਇਸ ਦੌਰਾਨ ਲੁਧਿਆਣਾ ਦੇ ਨਾਲ ਪੰਜਾਬ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਅੰਮ੍ਰਿਤ ਯੋਜਨਾ ਤਹਿਤ ਅਪਗਰੇਡ ਕੀਤੇ ਜਾ ਰਹੇ ਰੇਲਵੇ ਸਟੇਸ਼ਨਾਂ ਨੂੰ ਲੈ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।