ਲੁਧਿਆਣਾ: ਬੀਤੇ ਦਿਨ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਮੋਗਾ ਦੇ ਪਿੰਡ ਰੋਡੇ ਵਿੱਚ ਸਰੰਡਰ ਕੀਤਾ ਅਤੇ ਇਸ ਦੌਰਾਨ ਪੁਲਿਸ ਨੇ ਬਿਨਾਂ ਕਿਸੇ ਹੰਗਾਮੇ ਤੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਕਾਂਗਰਸੀ ਸਾਂਸਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਜਿਸ ਤਰ੍ਹਾਂ ਲਗਾਤਾਰ ਦੇਸ਼ ਨੂੰ ਵੰਡਣ ਦੀਆਂ ਗੱਲਾਂ ਕਰ ਰਿਹਾ ਸੀ ਅਤੇ ਆਪਣੀਆਂ ਮਨਮਰਜ਼ੀਆਂ ਮੁਤਾਬਿਕ ਦੇਸ਼ ਅਤੇ ਪੰਜਾਬ ਨੂੰ ਚਲਾਉਣ ਲਈ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਸੀ। ਇਨ੍ਹਾਂ ਕਾਰਣਾਂ ਕਰਕੇ ਉਸ ਦਾ ਅਸਲ ਟਿਕਾਣਾ ਜੇਲ੍ਹ ਸੀ ਉੱਥੇ ਉਹ ਪੁੱਜ ਗਿਆ।
ਦਬਾਬ 'ਚ ਕੀਤਾ ਸਰੰਡਰ: ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਸਵਾਲ ਕੀਤਾ ਗਿਆ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਕਰਨ ਦੀ ਕੀ ਵਜ੍ਹਾ ਸੀ ਤਾਂ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਕੋਈ ਮੁਲਜ਼ਮ ਹਰ ਪਾਸਿਓ ਘਿਰ ਜਾਂਦਾ ਹੈ ਅਤੇ ਉਸ ਉੱਤੇ ਦਬਾਅ ਹੁੰਦਾ ਹੈ ਤਾਂ ਉਸ ਲਈ ਸਰੰਡਰ ਹੀ ਆਖਰੀ ਰਾਹ ਬਚਦਾ ਹੈ। ਉਨ੍ਹਾਂ ਕਿਹਾ ਇਹੀ ਕਾਰਣ ਹੈ ਕਿ ਅੰਮ੍ਰਿਤਪਾਲ ਨੇ ਆਤਮ ਸਮਰਪਣ ਕਰਕੇ ਗ੍ਰਿਫ਼ਤਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਅੰਮ੍ਰਿਤਪਾਲ ਦਾ ਡਿਬਰੂਗੜ੍ਹ ਜੇਲ੍ਹ ਜਾਣਾ ਸੀ। ਆਤਮ ਸਮਰਪਣ ਕੀਤਾ ਹੈ ਜਾਂ ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਇਹ ਕੋਈ ਮੁੱਦਾ ਨਹੀਂ ਹੈ, ਇੱਥੋਂ ਤੱਕ ਕਿ ਕੋਈ ਵਿਅਕਤੀ ਉਦੋਂ ਹੀ ਆਤਮ ਸਮਰਪਣ ਕਰਦਾ ਹੈ ਜਦੋਂ ਉਸ 'ਤੇ ਦਬਾਅ ਹੁੰਦਾ ਹੈ।