ਕ੍ਰਿਸ਼ਚੀਅਨ ਭਾਈਚਾਰੇ ਨੇ ਭਾਰਤ ਸਰਕਾਰ ਦਾ ਕੀਤਾ ਸਮਰਥਨ ਲੁਧਿਆਣਾ: ਭਾਰਤ ਅਤੇ ਕੈਨੇਡਾ ਵਿੱਚ ਵਧੀ ਤਲਖ਼ੀ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ, ਉੱਥੇ ਹੀ ਹੁਣ ਪੰਜਾਬ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਵੀ ਭਾਰਤ ਦੇ ਹੱਕ ਵਿੱਚ ਉਤਰਦੇ ਹੋਏ, ਕੈਨੇਡਾ ਦੀ ਮਨਸ਼ਾ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਰਾਜਨੀਤਕ ਸਵਾਰਥ ਲਈ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਪਿੱਛੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹੱਥ:ਪੰਜਾਬ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਬੇਸ਼ੱਕ ਜਸਟਿਨ ਟਰੂਡੋ ਵੱਲੋਂ ਕ੍ਰਿਸ਼ਚੀਅਨ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਪਰ ਉਹਨਾਂ ਨੇ ਕਿਹਾ ਕਿ ਭਾਰਤ ਤੇ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਨ ਦੇ ਪਿੱਛੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹੱਥ ਹੈ, ਕਿਉਂਕਿ ਉਹ ਫਿਰਕੂਵਾਦ ਨੂੰ ਵਧਾਵਾ ਦੇ ਰਿਹਾ ਹੈ। ਪੰਜਾਬ ਦੇ ਸਿੱਖ ਧਰਮ ਦੇ ਆਗੂਆਂ ਨਾਲ ਬੈਠਕ ਦੌਰਾਨ ਐਲਬਰਟ ਦੂਆ ਨੇ ਕਿਹਾ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਗੇ, ਵਿਦੇਸ਼ੀ ਤਾਕਤਾਂ ਇਸ ਨੂੰ ਵੰਡ ਨਹੀਂ ਸਕਦੀਆਂ।
ਈਸਾਈ ਭਾਈਚਾਰੇ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ:ਪੰਜਾਬ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਕੈਨੇਡਾ ਵਿੱਚ ਹੀ ਗਰਮਖਿਆਲੀਆਂ ਨੂੰ ਪਨਾਹ ਦੇ ਕੇ ਭੜਕਾਇਆ ਜਾ ਰਿਹਾ ਹੈ ਅਤੇ ਰਾਜਨੀਤਿਕ ਲਾਹਾ ਲੈਣ ਲਈ ਪੰਜਾਬ ਵਿੱਚ ਜਿੰਨੇ ਚਰਚਾਂ ਉੱਪਰ ਹਮਲੇ ਕਰਵਾਏ ਗਏ, ਉਹ ਵੀ ਇਸ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਹਿੰਦਾ ਈਸਾਈ ਭਾਈਚਾਰਾ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ ਅਤੇ ਭਾਰਤ ਨੇ ਜਿਸ ਤਰ੍ਹਾਂ ਕੈਨੇਡਾ ਨੂੰ ਸਖ਼ਤ ਸ਼ਬਦਾਂ ਵਿੱਚ ਮੂੰਹ ਤੋੜ ਜਵਾਬ ਦਿੱਤਾ ਹੈ, ਉਸ ਦਾ ਪੂਰਨ ਰੂਪ ਵਿੱਚ ਸਮਰਥਨ ਕਰਦਾ ਹੈ।
ਕ੍ਰਿਸ਼ਚੀਅਨ ਭਾਈਚਾਰਾ ਭਾਰਤ ਦੀ ਭਲਾਈ ਚਾਹੁੰਦਾ:ਐਲਬਰਟ ਦੂਆ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ ਦਾ ਗੁਲਦਸਤਾ ਹੈ ਅਤੇ ਇੱਥੇ ਆਪਸ ਵਿੱਚ ਭਾਈਚਾਰਕ ਸਾਂਝ ਰਹਿੰਦੀ ਹੈ। ਪਰ ਅਜਿਹੇ ਬਿਆਨ ਦੇ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਰੀ ਭਾਈਚਾਰਕ ਸਾਂਝ ਨੂੰ ਤੋੜਨਾਂ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਕ੍ਰਿਸ਼ਚੀਅਨ ਭਾਈਚਾਰਾ ਹਮੇਸ਼ਾ ਹੀ ਪੰਜਾਬ ਤੇ ਭਾਰਤ ਦੀ ਭਲਾਈ ਚਾਹੁੰਦਾ ਹੈ ਅਤੇ ਭਾਈਚਾਰਕ ਸਾਂਝ ਦੇ ਨਾਲ ਖੜਾ ਹੈ।
ਕੈਨੇਡਾ ਸਰਕਾਰ ਕੈਨੇਡਾ 'ਚ ਐਲਾਨੇ ਖਾਲਿਸਤਾਨ:ਪੰਜਾਬ ਕ੍ਰਿਸ਼ਚੀਅਨ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਨੇ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਵਿਦੇਸ਼ੀ ਤਾਕਤਾਂ ਤੋਂ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਪਹਿਲਾਂ ਲਾਲਚ ਦੇਕੇ ਪੰਜਾਬੀਆਂ ਨੂੰ ਕੈਨੇਡਾ ਲਿਜਾਇਆ ਗਿਆ ਅਤੇ ਹੁਣ ਉੱਥੇ ਉਨ੍ਹਾ ਦੇ ਮਨਾਂ ਵਿੱਚ ਭਾਰਤ ਪ੍ਰਤੀ ਜ਼ਹਿਰ ਘੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸ਼ਬਦ ਗਲਤ ਨਹੀਂ ਹੈ, ਜੇਕਰ ਕੈਨੇਡਾ ਨੂੰ ਇਨ੍ਹਾਂ ਹੀ ਫ਼ਿਕਰ ਹੈ, ਤਾਂ ਕੈਨੇਡਾ ਬਹੁਤ ਵੱਡਾ ਹੈਂ, ਉਸ ਦਾ ਖੇਤਰਫਲ ਬਹੁਤ ਜ਼ਿਆਦਾ ਹੈ ਤਾਂ ਆਪਣੇ ਦੇਸ਼ ਦੇ ਇਕ ਹਿੱਸੇ ਨੂੰ ਉਹ ਖਾਲਿਸਤਾਨ ਕਿਉਂ ਨਹੀਂ ਐਲਾਨ ਦਿੰਦਾ।