ਸਮਰਾਲਾ: ਸਵੱਛ ਭਾਰਤ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਜਿੱਥੇ ਸਰਕਾਰਾਂ ਕਾਫ਼ੀ ਚਿੰਤਤ ਹਨ, ਉਧਰ ਆਮ ਜਨਤਾ ਸਫ਼ਾਈ ਤਾਂ ਦੂਰ ਦੀ ਗੱਲ ਉਨ੍ਹਾਂ ਨੇ ਜਨਤਕ ਬਾਥਰੂਮਾਂ ਨੂੰ ਆਪਣਾ ਸਮਾਨ ਰੱਖਣ ਦਾ ਕਮਰਾ ਹੀ ਬਣਾ ਰੱਖਿਆ ਹੈ।
ਜਨਤਕ ਬਾਥਰੂਮਾਂ ਉੱਪਰ ਜਨਤਾ ਦਾ ਕਬਜ਼ਾ, ਨਗਰ ਕੌਂਸਲ ਸਮਰਾਲਾ ਬੇਖ਼ਬਰ
ਸਮਰਾਲਾ ਵਿੱਚ ਸਵੱਛ ਭਾਰਤ ਮੁਹਿੰਮ ਦੀ ਸ਼ਰੇਆਮ ਧੱਜੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹੀ ਉਡਾਈ ਜਾ ਰਹੀ ਹੈ। ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਨੇ ਤੇ ਜਨਤਕ ਬਾਥਰੂਮਾਂ 'ਤੇ ਜਿੰਦੇ। ਜਨਤਕ ਬਾਥਰੂਮਾਂ ਉੱਪਰ ਜਨਤਾ ਵੀ ਕਬਜ਼ਾ ਕਰ ਰਹੀ ਹੈ ਪਰ ਨਗਰ ਕੌਂਸਲ ਸਮਰਾਲਾ ਇਨ੍ਹਾਂ ਸਭ ਸਮੱਸਿਆਵਾਂ ਤੋਂ ਬੇਖ਼ਬਰ ਨਜ਼ਰ ਆਏ।
ਇਸ ਸਬੰਧੀ ਜਦੋਂ ਸਮਾਨ ਰੱਖਣ ਵਾਲੇ ਦੁਕਾਨਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਥਰੂਮ ਵਿੱਚ ਅਸੀਂ ਸਮਾਨ ਰੱਖਿਆ ਹੈ ਪਰ ਸਾਨੂੰ ਕਿਸੇ ਵੀ ਅਧਿਕਾਰੀ ਨੇ ਨਹੀਂ ਰੋਕਿਆ। ਪਰ ਉਨ੍ਹਾਂ ਨੇ ਇਹ ਮੰਨਿਆ ਕਿ ਜਨਤਕ ਬਾਥਰੂਮਾਂ ਵਿੱਚ ਉਨ੍ਹਾਂ ਦਾ ਸਮਾਨ ਰੱਖਣਾ ਗ਼ਲਤ ਹੈ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ਕ ਲੋਕਾਂ ਦੀ ਸਹੁਲਤ ਲਈ ਸਰਕਾਰ ਵੱਲੋਂ ਬਾਥਰੂਮ ਬਣਾ ਦਿੱਤੇ ਗਏ ਹਨ ਪਰ ਇਨ੍ਹਾਂ ਦੀ ਵਰਤੋਂ ਨਹੀਂ ਹੋ ਰਹੀ ਕਿਉਂਕਿ ਇਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਜਿੰਦੇ ਲਗਾ ਕੇ ਰੱਖਿਆ ਹੈ ਅਤੇ ਲੋਕ ਸੜਕ 'ਤੇ ਹੀ ਬਾਥਰੂਮ ਕਰਦੇ ਹਨ। ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਨੇ ਤੇ ਸਫ਼ਾਈ ਦਾ ਕੋਈ ਮੁਕੰਮਲ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸੰਬੰਧੀ ਜਦੋਂ ਸਮਰਾਲਾ ਦੇ ਕਾਰਜ ਸਾਧਕ ਅਫ਼ਸਰ ਜਸਬੀਰ ਸਿੰਘ ਸੰਧਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਗੰਭੀਰ ਸਮੱਸਿਆ ਤੋਂ ਬੇਖ਼ਬਰ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿੱਚ ਨਹੀਂ ਹੈ, ਅਸੀਂ ਇਸ ਵੱਲ ਜਲਦੀ ਧਿਆਨ ਦੇਵਾਂਗੇ। ਉਨ੍ਹਾਂ ਨੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਸਹਿਯੋਗ ਕਰਨ ਦੀ ਲੋਕਾਂ ਨੂੰ ਅਪੀਲ ਵੀ ਕੀਤੀ।