ਲੁਧਿਆਣਾ:ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਲਗਾਤਾਰ ਪੰਜਾਬ ਵਿੱਚ ਵਾਰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਬੀਤੇ 2 ਦਿਨੀਂ ਉਹ ਲੁਧਿਆਣਾ ਦੌਰੇ ਉੱਤੇ ਰਹੇ। ਕਾਂਗਰਸ ਨੇ ਨਵੇਂ ਪ੍ਰਧਾਨ, ਸ਼ਹਿਰੀ ਅਤੇ ਪੇਂਡੂ ਦੇ ਨਾਲ ਬਲਾਕ ਪੱਧਰ ਤੇ ਨਵੀਆਂ ਜ਼ਿੰਮੇਵਾਰੀਆਂ ਦੀ ਵੰਡ ਕਰ ਦਿੱਤੀ ਹੈ। ਰਾਜਾ ਵੜਿੰਗ ਇਕ ਹਫਤਾ ਪਹਿਲਾਂ ਹੀ ਨਿਗਮ ਚੋਣਾਂ ਨੂੰ ਲੈਕੇ ਆਪਣੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਬਦਲਾ ਲੈਣ ਦਾ ਮੂਡ ਬਣਾ ਚੁੱਕੇ ਹਨ। ਜਦਕਿ ਭਾਜਪਾ ਵੀ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਦੇ ਬਾਵਜੂਦ ਨਿਗਮ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਬੀਤੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਵੱਲੋਂ ਵੀ ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਚ ਨਿਗਮ ਚੋਣਾਂ ਨੂੰ ਲੈ ਕੇ ਅਹਿਮ ਬੈਠਕ ਕਰ ਦਿੱਤੀ ਗਈ ਹੈ ਅਤੇ ਚੋਣਾਂ ਨੂੰ ਲੈ ਕੇ ਭਾਜਪਾ ਨੇ ਬਿਗੁਲ ਵਜਾ ਦਿੱਤਾ ਹ। ਦੂਜੇ ਪਾਸੇ, ਸੱਤਾ ਧਿਰ ਹਾਲੇ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਵਿੱਚ ਮਸ਼ਰੂਫ ਵਿਖਾਈ ਦੇ ਰਹੀ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਹੀ ਇੱਕ ਵਰਕਰ ਦੀ ਲੁਧਿਆਣਾ ਤੋਂ ਵੀਡਿਓ ਵਾਇਰਲ ਨੇ ਵੀ ਪਾਰਟੀ ਨੂੰ ਗੰਭੀਰ ਨਹੀਂ ਕੀਤਾ ਜਿਸ ਵਿੱਚ ਉਹ ਨਗਰ ਨਿਗਮ ਵਿੱਚ ਕੋਈ ਮੇਅਰ ਨਾ ਬਣਨ ਦੀ ਗੱਲ ਕੈਬਨਿਟ ਮੰਤਰੀ ਜਿੰਪਾ ਨੂੰ ਸਮਝਾਉਂਦਾ ਵਿਖਾਈ ਦੇ ਰਿਹਾ ਸੀ।
ਨਗਰ ਨਿਗਮ ਚੋਣਾਂ ਤੋਂ ਡਰੀ 'ਆਪ' ! :ਪੰਜਾਬ ਵਿੱਚ ਜੋ ਹਲਾਤ ਚਲ ਰਹੇ ਹਨ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਡਰ ਚੁੱਕੀ ਹੈ। ਇਹ ਵਿਰੋਧੀ ਪਾਰਟੀਆਂ ਦਾ ਜਵਾਬ ਹੈ, ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਦਾ ਕਹਿਣਾ ਹੈ ਕਿ ਜੋ ਹਾਲਾਤ ਆਮ ਆਦਮੀ ਪਾਰਟੀ ਦੇ ਹੋ ਚੁੱਕੇ ਹਨ, ਉਹ ਨਗਰ ਨਿਗਮ ਚੋਣਾਂ ਨੂੰ ਜਾਣ-ਬੁੱਝ ਕੇ ਅੱਗੇ ਪਾ ਰਿਹਾ ਹੈ, ਕਿਉਂਕਿ ਜੇਕਰ ਇੱਕ ਦੋ ਮਹੀਨੇ ਦੇ ਅੰਦਰ ਨਗਰ ਨਿਗਮ ਦੀਆਂ ਚੋਣਾਂ ਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਵੇਗਾ। ਸਰਕਾਰ ਇਸ ਕਰਕੇ ਨਿਗਮ ਚੋਣਾਂ ਨੂੰ ਅੱਗੇ ਪਾਉਂਦੀ ਵਿਖਾਈ ਦੇ ਰਹੀ ਹੈ। ਜੀਵਨ ਗੁਪਤਾ ਨੇ ਕਿਹਾ ਕਿ ਜਿਸ ਦੀ ਸਰਕਾਰ ਇਨ੍ਹੇ ਵੱਡੇ ਬਹੁਮਤ ਨਾਲ ਜਿੱਤੀ ਹੋਵੇ ਉਨ੍ਹਾ ਨੂੰ ਨਿਗਮ ਚੋਣਾਂ ਕਰਵਾਉਣ ਦੀ ਕਾਹਲ ਰਹਿੰਦੀ ਹੈ, ਪਰ ਸਰਕਾਰ ਖੁਦ ਚੋਣਾਂ ਤੋਂ ਡਰ ਰਹੀ ਹੈ। ਹਿਮਾਚਲ ਅਤੇ ਗੁਜਰਾਤ ਦਾ ਵੀ ਇਨ੍ਹਾਂ ਸਥਾਨਕ ਚੋਣਾਂ 'ਤੇ ਅਸਰ ਪਵੇਗਾ।
ਸੰਗਰੂਰ ਜ਼ਿਮਨੀ ਚੋਣ 'ਚ ਹਾਰ: ਪੂਰਨ ਬਹੁਮਤ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਤਿੰਨ ਮਹੀਨੇ ਬਾਅਦ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੇ ਮੁੱਖ ਮੰਤਰੀ ਦੀ ਰਵਾਇਤੀ ਸੀਟ ਤੋਂ ਹਾਰ ਜਾਣਾ ਆਮ ਆਦਮੀ ਪਾਰਟੀ ਲਈ ਇਕ ਵੱਡਾ ਝਟਕਾ ਸੀ। ਰਾਜਨੀਤਿਕ ਆਗੂ ਨੇ ਕਿਹਾ ਕਿ ਪਾਰਟੀ ਹਾਲੇ ਤਕ ਉਸ ਤੋਂ ਨਿਕਲ ਹੀ ਨਹੀਂ ਪਾਈ। ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਦਾ ਟੇਕ ਆਫ ਦਾ ਸਮਾਂ ਸੀ, ਓਦੋਂ ਸਰਕਾਰ ਰਨਵੇਅ ਉੱਤੇ ਉਨ੍ਹਾਂ ਨੂੰ ਸੰਭਾਲਣ ਦਾ ਮੌਕਾ ਹੀ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਜੂਨ ਤੱਕ ਦਾ ਸਰਕਾਰ ਕੋਲ ਸਮਾਂ ਹੈ। ਪਰ, ਸਰਕਾਰ ਦੇ ਹਾਲਾਤ ਵੇਖ ਕੇ ਨਹੀਂ ਲੱਗ ਰਿਹਾ ਕਿ ਉਹ ਫਿਲਹਾਲ ਨਗਰ ਨਿਗਮ ਚੋਣਾਂ ਕਰਵਾਉਣਗੇ, ਹਾਲਾਂਕਿ ਉਨ੍ਹਾਂ ਆਪਣੀ ਰੀਵਿਯਤੀ ਵਿਰੋਧੀ ਪਾਰਟੀ ਕਾਂਗਰਸ 'ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਦੇ ਅੱਧੇ ਮੰਤਰੀ ਕੇਸਾਂ ਵਿੱਚ ਫਸੇ ਹੋਏ ਹਨ। ਸੂਬੇ ਵਿੱਚ ਕਾਂਗਰਸ ਖਿਲਰ ਚੁੱਕੀ ਹੈ, ਇਸ ਕਰਕੇ ਉਨ੍ਹਾਂ ਕੋਲ ਹੁਣ ਦਾਅਵੇ ਹੀ ਰਹਿ ਚੁੱਕੇ ਹਨ।
ਪੰਜਾਬ ਦੀ ਕਾਨੂੰਨ ਵਿਵਸਥਾ:ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਸੱਤਾ ਧਿਰ ਆਪ ਸਰਕਾਰ ਉੱਤੇ ਹਮਲਾਵਰ ਹੋ ਚੁੱਕੀਆਂ ਹਨ। ਲਗਾਤਾਰ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਨੂੰ ਲੈ ਕੇ ਘੇਰਿਆ ਜਾ ਰਿਹਾ ਹੈ। ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਮਾਮਲਾ ਹਾਲੇ ਸ਼ਾਂਤ ਹੀ ਨਹੀਂ ਹੋਇਆ ਸੀ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਦਿਨ ਦਿਹਾੜੇ ਕਤਲ ਨੇ ਸਰਕਾਰ ਦੇ ਗ੍ਰਹਿ ਵਿਭਾਗ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਹਫ਼ੜਾ ਦਫ਼ੜੀ ਵਿੱਚ ਅਸਲਾ ਲਾਇਸੈਂਸ ਜਾਰੀ ਨਾ ਕਰਨ ਦੇ ਫੈਸਲੇ ਅਤੇ ਫਿਰ ਅੰਮ੍ਰਿਤਸਰ ਦੇ ਵਿੱਚ 10 ਸਾਲ ਦੇ ਬੱਚੇ ਉੱਤੇ ਆਰਮਜ਼ ਐਕਟ ਅਧੀਨ ਕੀਤੇ ਪਰਚੇ, ਨੂੰ ਸੂਬੇ ਦੀ ਜਨਤਾ ਪਚਾ ਨਹੀਂ ਪਾ ਰਹੀ ਹੈ। ਵਿਰੋਧੀ ਪਾਰਟੀਆਂ ਨੂੰ ਸਰਕਾਰ ਤੋਂ ਸਵਾਲ ਖੜ੍ਹੇ ਕਰਨ ਦਾ ਇਕ ਹੋਰ ਮੌਕਾ ਵੀ ਮਿਲ ਚੁੱਕਾ ਹੈ।