ਲੁਧਿਆਣਾ: ਰਾਏਕੋਟ ਸ਼ਹਿਰ ਦੇ ਵਾਰਡ ਨੰਬਰ 8 ਵਿਚ ਇੱਕ ਕਾਂਗਰਸ ਆਗੂ ਦੇ ਘਰੋਂ ਕੋਰੋਨਾ ਦੌਰਾਨ ਹੋਈ ਤਾਲਾਬੰਦੀ ਸਮੇਂ ਲੋੜਵੰਦਾਂ ਲਈ ਆਇਆ ਸਰਕਾਰੀ ਰਾਸ਼ਨ ਹੁਣ ਵੰਡੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਦੀ ਭਿਣਕ ਪੈਣ 'ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਤੇ ਅਕਾਲੀ ਵਰਕਰਾਂ ਵੱਲੋਂ ਸਰਕਾਰੀ ਰਾਸ਼ਨ ਦੀ ਹੋ ਰਹੀ ਦੁਰਵਰਤੋਂ ਨੂੰ ਮੌਕੇ ’ਤੇ ਫੜਾਇਆ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਆਖਿਆ ਕਿ ਕੋਰੋਨਾ ਕਾਲ ਦੌਰਾਨ ਲੱਗੇ ਕਰਫਿਊ ਵਿੱਚ ਰਾਏਕੋਟ ਦੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਬਜਾਏ ਜਮ੍ਹਾਂਖੋਰੀ ਕਰਕੇ ਰੱਖ ਲਈ ਅਤੇ ਹੁਣ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜਨ ਦੇ ਚਾਹਵਾਨ ਕਾਂਗਰਸੀ ਆਗੂਆਂ ਰਾਹੀਂ ਇਹ ਰਾਸ਼ਨ ਲੋਕਾਂ ਨੂੰ ਅਸਿੱਧੇ ਰੂਪ 'ਚ ਵੰਡਾਇਆ ਜਾ ਰਿਹਾ ਹੈ।
ਨਿਗਮ ਚੋਣਾਂ ਨੇੜੇ ਕਾਂਗਰਸੀ ਆਗੂਆਂ ਵੱਲੋਂ ਸਰਕਾਰੀ ਰਾਸ਼ਨ ਦੀ ਕੀਤੀ ਜਾ ਰਹੀ ਦੁਰਵਰਤੋਂ: ਬਲਵਿੰਦਰ ਸਿੰਘ ਅਕਾਲੀ ਆਗੂਆਂ ਨੇ ਇਹ ਆਖਿਆ ਕਿ ਇਸ ਸੰਬੰਧ ਵਿਚ ਜਦੋਂ ਉਨ੍ਹਾਂ ਐੱਸਡੀਐੱਮ ਰਾਏਕੋਟ, ਕਾਰਜਸਾਧਕ ਅਫਸਰ ਨਗਰ ਕੌਂਸਲ, ਫੂਡ ਸਪਲਾਈ ਅਫਸਰ ਅਤੇ ਇੰਸਪੈਕਟਰ ਫੂਡ ਸਪਲਾਈ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਕਿਸੇ ਨੇ ਵੀ ਕੁਝ ਵੀ ਕਹਿਣ ਤੋਂ ਟਾਲਾ ਵੱਟ ਲਿਆ।
ਅਕਾਲੀ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਜਮ੍ਹਾਂਖੋਰੀ ਕਾਰਨ ਅਤੇ ਲੋਕਾਂ ਦੇ ਹੱਕ ’ਤੇ ਸਿਆਸੀ ਮੁਫਾਦ ਲਈ ਡਾਕਾ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਅਕਾਲੀ ਦਲ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਰਾਸ਼ਨ ਵੰਡਣ ਵਾਲੇ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 500 ਥੈਲੇ ਰਾਸ਼ਨ ਦੇ ਵੰਡਣ ਲਈ ਆਏ ਸਨ। ਪਰ ਜਦੋਂ ਪੱਤਰਕਾਰਾਂ ਦੁਆਰਾ ਸਵਾਲ ਪੁੱਛਿਆ ਗਿਆ ਕਿ ਸਰਕਾਰੀ ਰਾਸ਼ਨ ਵਾਲੇ ਥੈਲੇ ਉਨ੍ਹਾਂ ਨੂੰ ਕਿਸ ਦੁਆਰਾ ਭੇਜੇ ਗਏ ਹਨ ਤਾਂ ਉਹ ਇਸ ਸਬੰਧੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।