ਲੁਧਿਆਣਾ: ਸਿਵਲ ਹਸਪਤਾਲ ਲੁਧਿਆਣਾ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਮਾਰਤ ਦੀ ਸਫ਼ਾਈ ਦੌਰਾਨ ਦਵਾਈਆਂ ਦੀ ਵੱਡੀ ਖੇਪ ਦਾ ਹੈ। ਜਿਸ ਵਿੱਚ ਸਫ਼ਾਈ ਦੌਰਾਨ ਲੰਘੀ ਮਿਤੀ ਦੀਆਂ ਦਵਾਈਆਂ ਦੀ ਵੱਡੀ ਖੇਪ ਮਿਲੀ ਹੈ। ਵੱਡੀ ਗਿਣਤੀ ਵਿੱਚ ਖਾਲੀ ਸਰਿੰਜਾਂ ਇੰਜੈਕਸ਼ਨ ਦਵਾਈਆਂ ਦੇ ਡੱਬੇ ਕਚਰੇ ਦੇ ਢੇਰ ਵਿੱਚੋਂ ਬਰਾਮਦ ਹੋਏ ਹਨ।ਇਹ ਦਵਾਈਆਂ ਪੰਜਾਬ ਸਿਹਤ ਮਹਿਕਮੇ ਵੱਲੋਂ ਸਰਕਾਰੀ ਹਸਪਤਾਲਾਂ ਨੂੰ ਸਮੇਂ-ਸਮੇਂ ਸਿਰ ਸਟਾਕ ਦੇ ਰੂਪ ਵਿੱਚ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਜਿਸ ਦਾ ਪੂਰਾ ਵੇਰਵਾ ਸੰਬੰਧਿਤ ਹਸਪਤਾਲ ਨੂੰ ਦੇਣਾ ਪੈਂਦਾ ਹੈ ਪਰ ਹਸਪਤਾਲ ਨੇ ਇਹ ਮੁਫ਼ਤ ਦਵਾਈਆਂ ਮਰੀਜ਼ਾਂ ਨੂੰ ਤਾਂ ਨਹੀਂ ਵੰਡੀਆਂ ਪਰ ਹੁਣ ਕਚਰੇ ਦੇ ਢੇਰ ਵਿੱਚ ਜ਼ਰੂਰ ਸੁੱਟ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਵਾਈਆਂ ਦੀ ਮਿਤੀ ਲੰਘ ਚੁੱਕੀ ਹੈ, ਇਹ ਦਵਾਈਆਂ 5-5 ਛੇ-ਛੇ ਸਾਲ ਪੁਰਾਣੀਆਂ ਹਨ। ਜਿਸ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਲੋੜਵੰਦਾਂ ਨੂੰ ਹਸਪਤਾਲ ਅੰਦਰੋਂ ਮੁਫ਼ਤ ਦਵਾਈਆਂ ਨਹੀਂ ਮਿਲਦੀਆਂ ਜ਼ਿਆਦਾਤਰ ਮਰੀਜ਼ਾਂ ਨੂੰ ਦਵਾਈਆਂ ਬਾਹਰੋਂ ਹੀ ਲਿਖੀਆਂ ਜਾਂਦੀਆਂ ਹਨ। ਜਦੋਂ ਕਿ ਸਿਹਤ ਮਹਿਕਮੇ ਵੱਲੋਂ ਜੋ ਦਵਾਈਆਂ ਦਾ ਸਟਾਕ ਦਿੱਤਾ ਜਾਂਦਾ ਹੈ। ਉਸਨੂੰ ਹਸਪਤਾਲ ਦੇ ਅੰਦਰ ਹੀ ਜਮਾਂ ਰੱਖਿਆ ਜਾਂਦਾ ਹੈ ਅਤੇ ਨਾ ਵਰਤਣ ਕਰਕੇ ਉਨ੍ਹਾਂ ਦੀਆਂ ਮਿਤੀਆਂ ਲੰਘ ਜਾਂਦੀਆਂ ਹਨ ਜਿਸ ਤੋਂ ਬਾਅਦ ਉਹ ਕੂੜੇ ਚ ਸੁੱਟ ਦਿੱਤੀਆਂ ਜਾਂਦੀਆਂ ਹਨ।