ਲੁਧਿਆਣਾ: ਬਿਜਲੀ ਦੀਆਂ ਦਰਾਂ ਵਿੱਚ 1 ਜੂਨ ਨੂੰ ਹੋਣ ਜਾ ਰਹੇ ਵਾਧੇ 'ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਖ਼ਤ ਟਿਪਣੀ ਕੀਤੀ ਹੈ ਤੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਕਾਂਗਰਸ ਸਰਕਾਰ ਮੁਕਰੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਪਹਿਲਾਂ ਹੀ ਮਹਿੰਗਾਈ ਦੀ ਵਜ੍ਹਾ ਨਾਲ ਪਰੇਸ਼ਾਨ ਹਨ ਅਤੇ ਹੁਣ ਬਿਜਲੀ ਦੀਆਂ ਦਰਾਂ 'ਚ ਵਾਧੇ ਨਾਲ ਲੋਕਾਂ ਦੀ ਜੇਬ 'ਤੇ ਵਾਧੂ ਦਾ ਅਸਰ ਪਵੇਗਾ।
ਬਿਜਲੀ ਦੀਆਂ ਦਰਾਂ 'ਤੇ ਸਿਮਰਜੀਤ ਬੈਂਸ ਦਾ ਕੈਪਟਨ 'ਤੇ ਵਾਰ
ਸੂਬੇ ਵਿੱਚ ਵੱਧੀਆਂ ਬਿਜਲੀ ਦੀਆਂ ਦਰਾਂ 'ਤੇ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ 'ਤੇ ਜਮਕੇ ਨਿਸ਼ਾਨੇ ਵਿੰਨੇ। ਬੈਂਸ ਨੇ ਕਿਹਾ ਕਿ ਜੋ ਵਾਅਦੇ ਕਰਕੇ ਕੈਪਟਨ ਸੱਤਾ ਵਿੱਚ ਆਏ ਸਨ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਉਨ੍ਹਾਂ ਨੇ ਪੂਰਾ ਨਹੀਂ ਕੀਤਾ।
ਫ਼ੋਟੋ
ਬੈਂਸ ਨੇ ਕਿਹਾ ਕਿ ਬਿਜਲੀ ਦੀਆਂ ਵਧੀਆਂ ਦਰਾਂ ਕਾਰਨ ਲੁਧਿਆਣਾ ਦੇ ਲੋਕਾਂ 'ਤੇ ਕਾਫ਼ੀ ਮਾਰ ਪਏਗੀ ਨਾਲ ਉਨ੍ਹਾਂ ਕਿਹਾ ਕਿ ਕੈਪਟਨ ਦਾ ਮਿਸ਼ਨ 13 ਫੇਲ੍ਹ ਹੋ ਗਿਆ, ਜਿਸ ਦਾ ਠਿਕਰਾ ਉਹ ਸਿੱਧੂ ਦੇ ਸਿਰ ਭੰਨ ਰਹੇ ਹਨ। ਉਨ੍ਹਾਂ ਕੈਪਟਨ ਨੂੰ ਸਵਾਲ ਕੀਤਾ ਕਿ ਸੁਨੀਲ ਜਾਖੜ ਗੁਰਦਾਸਪੁਰ ਤੋਂ ਹਾਰ ਗਏ, ਕੀ ਉੱਥੇ ਵੀ ਸਿੱਧੂ ਦੀ ਗ਼ਲਤੀ ਸੀ? ਬੈਂਸ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਆਉਣ ਲਈ ਸਦਾ ਦਿੱਤਾ ਤੇ ਕਿਹਾ ਹੈ ਕਿ ਸਿੱਧੂ ਉਨ੍ਹਾਂ ਨਾਲ ਰਲ ਸਕਦੇ ਹਨ ਕਿਉਂਕਿ ਉਨ੍ਹਾਂ ਦੀ ਸੋਚ ਵੀ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਹੈ।